ਸਰਹੱਦ ਨੇੜੇ ਅਮਰੂਦ ਦੇ ਬਾਗ ’ਚ ਸੁੱਟੀ ਜਾ ਰਹੀ ਸੀ ਹਥਿਆਰਾਂ ਤੇ ਹੈਰੋਇਨ ਦੀ ਖੇਪ, ਪੁਲਿਸ ਨੇ ਕੀਤੀ ਬਰਾਮਦ - ਅੰਮ੍ਰਿਤਸਰ ਤੇ

ਭਾਰਤ-ਪਾਕਿਸਤਾਨ ਸਰਹੱਦ 'ਤੇ ਸਥਿਤ ਅਟਾਰੀ ਨੇੜੇ ਅਮਰੂਦ ਦੇ ਬਾਗ ਵਿਚ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਪਾਕਿਸਤਾਨ ਦੀ ਖੁ਼ਫ਼ੀਆ ਏਜੰਸੀ ਆਈਐਸਆਈ ਵੱਲੋਂ ਸੁੱਟੀ ਜਾ ਰਹੀ ਸੀ। ਮਾਮਲੇ ਵਿਚ ਕਿੰਗ ਪਿੰਨ ਸੰਦੀਪ ਸਿੰਘ ਨੇ ਵੱਡੀ ਚਲਾਕੀ ਨਾਲ ਇਸ ਸਾਲ ਅਮਰੂਦ ਦੇ ਬਾਗ ਦਾ ਲੇਬਰ ਦਾ ਠੇਕਾ ਲੈ ਲਿਆ ਸੀ।
ਆਈਜੀ ਨੇ ਦੱਸਿਆ ਕਿ ਅਮਰੂਦ ਦਾ ਬਾਗ ਕਾਫ਼ੀ ਸੰਘਣਾ ਹੈ ਅਤੇ ਉੱਥੇ ਪਾਕਿਸਤਾਨੀ ਤਸਕਰਾਂ ਦੇ ਇਸ਼ਾਰੇ 'ਤੇ ਡਰੋਨ ਰਾਹੀਂ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਸੁੱਟੀ ਜਾ ਰਹੀ ਸੀ। ਫਿਰ ਉੱਥੋਂ ਚੁੱਪਚਾਪ ਸੰਦੀਪ ਅਤੇ ਉਸ ਦੀ ਪਤਨੀ ਕਮਲਜੀਤ ਕੌਰ ਆਸਾਨੀ ਨਾਲ ਖੇਪ ਚੁੱਕ ਲੈਂਦੇ ਅਤੇ ਉਸ ਨੂੰ ਟਿਕਾਣੇ ਲਗਾ ਦਿੰਦੇ ਸਨ। ਆਈਜੀ ਨੇ ਦੱਸਿਆ ਕਿ ਦੋਵੇਂ ਜੀਅ ਕਦੇ ਕਾਰ ਤੇ ਕਦੇ ਐਕਟਿਵਾ 'ਤੇ ਇਹ ਸਾਰਾ ਗੈਰ-ਕਾਨੂੰਨੀ ਕਾਰੋਬਾਰ ਕਰਦੇ ਸਨ। ਕਿਸੇ ਨੂੰ ਵੀ ਉਨ੍ਹਾਂ ਦੀਆਂ ਗਤੀਵਿਧੀਆਂ 'ਤੇ ਕਿਸੇ ਤਰ੍ਹਾਂ ਦਾ ਸ਼ੱਕ ਨਹੀਂ ਹੋਇਆ ਸੀ। ਫਿਲਹਾਲ ਤਿੰਨਾਂ ਮੁਲਜਮਾਂ ਦੇ ਮੋਬਾਈਲਾਂ ਦੀ ਫੋਰੈਂਸਿਕ ਜਾਂਚ ਕਰਵਾਈ ਜਾ ਰਹੀ ਹੈ।
ਐਸਐਸਪੀ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਸਾਰੇ ਮਾਮਲੇ ਨੂੰ ਸੰਦੀਪ ਸਿੰਘ ਹੀ ਆਪਰੇਟ ਕਰ ਰਿਹਾ ਸੀ। ਉਸ ਦੇ ਇਸ਼ਾਰੇ 'ਤੇ ਹੀ ਹਥਿਆਰ ਅਤੇ ਹੈਰੋਇਨ ਅੱਗੇ ਸਪਲਾਈ ਕੀਤੀ ਜਾ ਰਹੀ ਸੀ।
