ਇਨ੍ਹਾਂ ਕਿਤਾਬਾਂ ਦਾ ਕੀ ਕਰੀਏ?
ਉਹ ਲੇਖਕ ਕਿੰਨੇ ਕਿਸਮਤ ਵਾਲੇ ਹਨ, ਜਿਨ੍ਹਾਂ ਦੀਆਂ ਲਿਖੀਆਂ ਮੁੱਲਵਾਨ ਕਿਤਾਬਾਂ ਆਮ ਲੋਕ ਬਹੁਤ ਪਿਆਰ ਤੇ ਸਤਿਕਾਰ ਨਾਲ ਪੜ੍ਹਦੇ ਹਨ।
ਪਿਛਲੇ ਤਿੰਨ ਕੁ ਸਾਲਾਂ ਵਿੱਚ ਜਿਹੜੇ ਮੇਰੇ ਜਾਣੂ ਲੇਖਕ ਇਸ ਸੰਸਾਰ ਤੋਂ ਕੂਚ ਕਰ ਗਏ, ਉਨ੍ਹਾਂ ਦੇ ਸਸਕਾਰ ਤੇ ਭੋਗ ’ਤੇ ਮੈਂ ਹਾਜ਼ਰ ਹੁੰਦਾ ਰਿਹਾ ਹਾਂ। ਉਨ੍ਹਾਂ ਦੇ ਬੱਚੇ ਆਪਣੀ ਆਰਥਿਕ ਸਮਰੱਥਾ ਤੇ ਸਮਾਜਿਕ ਰੁਤਬੇ ਮੁਤਾਬਿਕ ਖ਼ਰਚ ਕਰਕੇ ਉਨ੍ਹਾਂ ਦੀਆਂ ਅੰਤਿਮ ਰਸਮਾਂ ਨਿਭਾਉਂਦੇ ਵੇਖੇ। ਕਈਆਂ ਨੇ ਵੱਡੇ ਇਕੱਠ ਕੀਤੇ ਤੇ ਵਿਆਹ ਵਰਗਾ ਖਾਣਾ ਪਰੋਸਣ ਦੀ ਕੋਸ਼ਿਸ਼ ਕੀਤੀ। ਹਾਜ਼ਰ ਲੋਕਾਂ ਦੀ ਪੂਰੀ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਪੰਜਾਬੀ ਦੇ ਇੱਕ ਵੱਡੇ ਲੇਖਕ ਦੀ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਵਿਖੇ ਹੋਣ ਤੋਂ ਬਾਅਦ ਸੰਗਤ ਨੂੰ ਲੰਗਰ ਛਕਣ ਲਈ ਹੇਠਾਂ ਬੇਸਮੈਂਟ ਵਿੱਚ ਲੰਗਰ ਹਾਲ ਪਹੁੰਚਣ ਲਈ ਆਖਿਆ ਗਿਆ। ਅਸੀਂ ਵੇਖ ਕੇ ਹੈਰਾਨ ਹੋ ਗਏ ਕਿ ਉਸ ਲੇਖਕ ਦੀਆਂ ਸਾਰੀਆਂ ਕਿਤਾਬਾਂ ਲੰਗਰ ਹਾਲ ਵਿੱਚ ਲਿਆ ਕੇ ਮੇਜ਼ਾਂ ’ਤੇ ਰੱਖੀਆਂ ਹੋਈਆਂ ਸਨ। ਲੰਗਰ ਤੋਂ ਬਾਅਦ ਸਾਰਿਆਂ ਨੂੰ ਬੇਨਤੀ ਕੀਤੀ ਜਾ ਰਹੀ ਸੀ, “ਜਾਣ ਵੇਲੇ ਜਿਸ ਨੂੰ ਵੀ ਜਿੰਨੀਆਂ ਕਿਤਾਬਾਂ ਪਸੰਦ ਹਨ, ਲੈ ਜਾਓ, ਸਾਡੇ ਘਰ ਤਾਂ ਕੋਈ ਪੜ੍ਹਦਾ ਨਹੀਂ... ਐਵੇਂ ਸਿਉਂਕ ਨੇ ਖਾ ਜਾਣੀਆਂ ਨੇ।”
ਇਸੇ ਤਰ੍ਹਾਂ ਇੱਕ ਹੋਰ ਲੇਖਕ ਮਿੱਤਰ ਦੇ ਸਸਕਾਰ ’ਤੇ ਜਾਣਾ ਪਿਆ ਤਾਂ ਵੇਖ ਕੇ ਹੈਰਾਨੀ ਹੋਈ ਕਿ ਉਸ ਦੇ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹੇ ਬੱਚਿਆਂ ਨੇ ਉਸ ਦੀਆਂ ਸਾਰੀਆਂ ਕਿਤਾਬਾਂ ਵਿੱਚੋਂ ਅੰਗਰੇਜ਼ੀ ਦੀਆਂ ਕਿਤਾਬਾਂ ਤਾਂ ਰੱਖ ਲਈਆਂ ਪਰ ਪੰਜਾਬੀ ਦੀਆਂ ਸਾਰੀਆਂ ਕਿਤਾਬਾਂ ਬੇਕਾਰ ਸਮਝ ਕੇ ਵਰਾਂਡੇ ਵਿੱਚ ਚਾਦਰ ਵਿਛਾ ਕੇ ਛੱਲੀਆਂ ਵਾਂਗ ਢੇਰ ਲਾਇਆ ਹੋਇਆ ਸੀ। ਇਹ ਵੇਖ ਕੇ ਮੇਰੇ ਨਾਲ ਗਏ ਸਾਥੀ ਨੇ ਮ੍ਰਿਤਕ ਦੇ ਪੁੱਤਰ ਨੂੰ ਸੁਝਾਅ ਦਿੱਤਾ, “ਕਾਕਾ, ਜੇ ਤੁਸੀਂ ਪੰਜਾਬੀ ਨਹੀਂ ਪੜ੍ਹਨੀ ਤਾਂ ਕਿਤਾਬਾਂ ਕਿਸੇ ਲਾਇਬ੍ਰੇਰੀ ਨੂੰ ਦੇ ਦਿਓ।”
ਇੱਕ ਹੋਰ ਲੇਖਕ (ਜਿਸ ਦੀ ਪਤਨੀ ਪਹਿਲਾਂ ਹੀ ਤੁਰ ਗਈ ਸੀ) ਦਾ ਪੁੱਤਰ ਕੈਨੇਡਾ ਤੋਂ ਉਸ ਦਾ ਭੋਗ ਪਾਉਣ ਲਈ ਹੀ ਇੱਕ ਹਫ਼ਤੇ ਲਈ ਆਇਆ ਸੀ। ਪਤਾ ਲੱਗਾ ਕਿ ਉਸ ਨੇ ਚਾਰ-ਪੰਜ ਦਿਨ ਤਾਂ ਬੈਂਕਾਂ ਤੇ ਜ਼ਮੀਨ ਦੇ ਕਾਗ਼ਜ਼ ਆਪਣੇ ਨਾਂ ਕਰਵਾਉਣ ਵਿੱਚ ਹੀ ਲਾ ਦਿੱਤੇ। ਹੁਣ ਉਸ ਕੋਲ ਸਿਰਫ਼ ਭੋਗ ਦਾ ਦਿਨ ਹੀ ਬਚਿਆ ਸੀ, ਅਗਲੇ ਦਿਨ ਉਸ ਦੀ ਫਲਾਈਟ ਸੀ। ਉਸ ਲੇਖਕ ਨੇ ਵੀ ਬਹੁਤ ਕਿਤਾਬਾਂ ਜਮ੍ਹਾਂ ਕਰ ਰੱਖੀਆਂ ਸਨ। ਭੋਗ ਦੀ ਸਮਾਪਤੀ ਤੋਂ ਬਾਅਦ ਉਸ ਦਾ ਲੜਕਾ ਮੈਨੂੰ ਕਹਿੰਦਾ, “ਅੰਕਲ, ਹੋਰ ਤਾਂ ਮੈਂ ਸਭ ਸਾਂਭ ਲਿਆ... ਇਨ੍ਹਾਂ ਕਿਤਾਬਾਂ ਦਾ ਕੀ ਕਰੀਏ?”
