📰 11/14/2026
ਮਨੋਰੰਜਨ📍 ਪੰਜਾਬ

ਗੀਤਾਂ ਦਾ ਵਣਜਾਰਾ ਬਾਬੂ ਸਿੰਘ ਮਾਨ

ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲਾ ਪੰਜਾਬੀ ਗੀਤਕਾਰੀ ਦਾ ਅਜਿਹਾ ਹਸਤਾਖ਼ਰ ਹੈ ਜਿਸ ਦੇ ਗੀਤ ਕਈ ਪੀੜ੍ਹੀਆਂ ਦੇ ਗਾਇਕ ਗਾ ਚੁੱਕੇ ਹਨ ਅਤੇ ਚਾਰ ਪੀੜ੍ਹੀਆਂ ਦੇ ਸਰੋਤੇ ਸੁਣ ਚੁੱਕੇ ਹਨ।
ਗੀਤਾਂ ਦਾ ਵਣਜਾਰਾ ਬਾਬੂ ਸਿੰਘ ਮਾਨ

ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲਾ ਪੰਜਾਬੀ ਗੀਤਕਾਰੀ ਦਾ ਅਜਿਹਾ ਹਸਤਾਖ਼ਰ ਹੈ ਜਿਸ ਦੇ ਗੀਤ ਕਈ ਪੀੜ੍ਹੀਆਂ ਦੇ ਗਾਇਕ ਗਾ ਚੁੱਕੇ ਹਨ ਅਤੇ ਚਾਰ ਪੀੜ੍ਹੀਆਂ ਦੇ ਸਰੋਤੇ ਸੁਣ ਚੁੱਕੇ ਹਨ।

ਮਾਨ ਆਪਣੀ ਗੀਤਕਾਰੀ ਦੀ ਸ਼ੁਰੂਆਤ ਬਾਰੇ ਬੜੇ ਸਹਿਜ ਨਾਲ ਦੱਸਦਾ ਹੈ। ਪੰਜਵੀਂ-ਛੇਵੀਂ ਜਮਾਤ ’ਚ ਪੜ੍ਹਦਿਆਂ ਹੀ ਉਹ ਆਪਣੇ ਆਲੇ-ਦੁਆਲੇ ਵਾਪਰਦੀਆਂ ਨਿੱਕੀਆਂ-ਨਿੱਕੀਆਂ ਘਟਨਾਵਾਂ ਨੂੰ ਕਾਗਜ਼ ’ਤੇ ਉਤਾਰਨ ਲੱਗ ਗਿਆ ਸੀ। ਮਨ ਵਿੱਚ ਜੋ ਵੀ ਖ਼ਿਆਲ ਆਉਂਦਾ ਉਸ ਨੂੰ ਟੁੱਟੀ-ਫੁੱਟੀ ਤੁਕਬੰਦੀ ਕਰਕੇ ਲਿਖ ਲੈਂਦਾ। ਕਦੇ-ਕਦਾਈ ਹਾਣੀਆਂ ਨੂੰ ਸੁਣਾ ਵੀ ਦਿੰਦਾ, ਪਰ ਜ਼ਿਆਦਾਤਰ ਲਿਖਤਾਂ ਨੂੰ ਆਪਣੇ ਤੱਕ ਹੀ ਸੀਮਿਤ ਰੱਖਦਾ। ਦਸਵੀਂ ਪਾਸ ਕਰਨ ਤੋਂ ਬਾਅਦ ਜਦੋਂ ਮਾਨ ਬਰਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਪੜ੍ਹਨ ਲੱਗਿਆ ਤਾਂ ਉੱਥੇ ਉਸ ਦਾ ਜੀਅ ਨਾ ਲੱਗਿਆ ਤੇ ਉਸ ਦੀ ਕਲਮ ਵੀ ਰੁਕਣ ਲੱਗੀ। ਪਿੰਡ ਦੇ ਖੁੱਲ੍ਹੇ-ਡੁੱਲ੍ਹੇ ਮਾਹੌਲ ’ਚੋਂ ਆਇਆ ਮਾਨ ਸ਼ਹਿਰ ਵਸਦੇ ਆਪਣੇ ਕਿਸੇ ਰਿਸ਼ਤੇਦਾਰਾਂ ਦੇ ਘਰ ਰਹਿੰਦਾ ਸੀ ਤੇ ਉਸ ਲਈ ਸਭ ਕੁਝ ਨਵਾਂ ਤੇ ਓਪਰਾ ਸੀ। ਪਿੰਡ ਜਾਣ ਦਾ ਕੋਈ ਸਾਧਨ ਵੀ ਨਹੀਂ ਸੀ। ਇੱਕ ਦਿਨ ਕਿਸੇ ਰਿਸ਼ਤੇਦਾਰ ਨੇ ਨਵਾਂ ਟਰੈਕਟਰ ਲਿਆ ਤੇ ਉਹ ਉਸ ਨੂੰ ਕਾਲਜ ਮਿਲਣ ਆ ਗਏ। ਮਾਨ ਨੇ ਆਪਣਾ ਅਟੈਚੀ ਚੁੱਕਿਆ ਤੇ ਉਨ੍ਹਾਂ ਨਾਲ ਹੀ ਪਿੰਡ ਤੁਰ ਗਿਆ। ਘਰਦੇ ਦੇਖ ਕੇ ਹੈਰਾਨ ਹੋਏ ਤਾਂ ਉਸ ਨੇ ਕਿਹਾ ਕਿ ਸ਼ਹਿਰ ’ਚ ਉਸ ਦਾ ਜੀਅ ਨਹੀਂ ਲੱਗਦਾ, ਪਰ ਘਰਦਿਆਂ ਨੇ ਧੱਕੇ ਨਾਲ ਦੋ-ਤਿੰਨ ਦਿਨਾਂ ਬਾਅਦ ਫਿਰ ਘੋੜੀ ’ਤੇ ਚੜ੍ਹਾਇਆ ਤੇ ਫ਼ਰੀਦਕੋਟ ਛੱਡ ਗਏ। ਫਿਰ ਉਸ ਨੇ ਮਨ ’ਚ ਧਾਰ ਲਿਆ ਕੇ ਉਹ ਚਿੱਤ ਕਰੜਾ ਕਰਕੇ ਰਹੇਗਾ ਤੇ ਪੜ੍ਹੇਗਾ ਵੀ। ਹੌਲੀ-ਹੌਲੀ ਉਸ ਨੇ ਫਿਰ ਕਲਮ ਚੁੱਕ ਲਈ।

ਕੁਝ ਸਮੇਂ ਬਾਅਦ ਉਨ੍ਹਾਂ ਦੇ ਪਿੰਡ ਮਰਾੜ੍ਹ ਦੇ ਇੱਕ ਚੰਗੇ ਘਰ ਨੇ ਬੱਸ ਖ਼ਰੀਦ ਲਈ। ਬੱਸ ਦੋ ਘੰਟਿਆਂ ’ਚ ਮਰਾੜ੍ਹਾ ਤੋਂ ਫ਼ਰੀਦਕੋਟ ਪਹੁੰਚਦੀ। ਰਾਹ ’ਚ ਟਿੱਬੇ ਆਉਂਦੇ ਤਾਂ ਸਾਰੀਆਂ ਸਵਾਰੀਆਂ ਉਤਰ ਕੇ ਧੱਕਾ ਲਗਾਉਂਦੀਆਂ ਤਾਂ ਬੱਸ ਟਿੱਬਾ ਪਾਰ ਕਰਕੇ ਅੱਗੇ ਵਧਦੀ। ਕਾਲਜ ਪੜ੍ਹਦਿਆਂ ਉਸ ਨੇ ਇਹ ਸਾਰੀ ਗਾਥਾ ਇੱਕ ਲੇਖ ਦੇ ਰੂਪ ’ਚ ਲਿਖ ਦਿੱਤੀ ਜੋ ਕਾਲਜ ਦੇ ਰਸਾਲੇ ‘ਬਰਜਿੰਦਰਾ’ (1970) ’ਚ ਛਪਿਆ। ਇਸ ਲੇਖ ਨੂੰ ਪ੍ਰੋਫੈਸਰਾਂ ਨੇ ਵੀ ਕਾਫ਼ੀ ਪਸੰਦ ਕੀਤਾ। ਇਸ ਚਰਚਾ ਤੋਂ ਬਾਅਦ ਉਸ ਨੇ ਮਨ ’ਚ ਧਾਰ ਲਿਆ ਕਿ ਪ੍ਰੋਫੈਸਰ ਬਣਾਂਗਾ ਜਿਸ ਦਾ ਅਸਰ ਉਸ ਦੀਆਂ ਕਾਵਿਕ ਰਚਨਾਵਾਂ ’ਤੇ ਪੈਣ ਲੱਗਾ। ਉਹ ਪੜ੍ਹੇ ਲਿਖਿਆ ਤੇ ਸ਼ਹਿਰੀ ਪ੍ਰਭਾਵ ਵਾਲੀ ਭਾਸ਼ਾ ’ਚ ਗੀਤ ਤੇ ਗ਼ਜ਼ਲਾਂ ਲਿਖਣ ਲੱਗਿਆ। ਉਨ੍ਹਾਂ ਦਿਨਾਂ ’ਚ ਕਾਲਜ ਦੇ ਪ੍ਰਿੰਸੀਪਲ ਸ੍ਰੀ ਖੋਸਲਾ ਨੇ ਕਾਲਜ ’ਚ ਮਾਨ ਦਾ ਕਵਿਤਾ ਪਾਠ ਰਖਵਾਉਣ ਦਾ ਫ਼ੈਸਲਾ ਕੀਤਾ ਤੇ ਇਸ ਸਮਾਗਮ ਲਈ ਕਾਲਜ ਦੀਆਂ ਸੱਭਿਆਚਾਰਕ ਗਤੀਵਿਧੀਆਂ ਦੇ ਇੰਚਾਰਜ ਪ੍ਰੋ. ਨਰੂਲਾ ਨੂੰ ਮਿਲਣ ਲਈ ਕਹਿ ਦਿੱਤਾ।

ਪ੍ਰੋ. ਨਰੂਲਾ ਕੋਰਾ-ਕਰਾਰਾ ਜਿਹਾ ਬੰਦਾ ਸੀ। ਮਾਨ ਉਸ ਕੋਲ ਆਪਣੀਆਂ ਰਚਨਾਵਾਂ ਵਾਲੀ ਡਾਇਰੀ ਲੈ ਕੇ ਗਿਆ ਤਾਂ ਉਸ ਨੂੰ ਕੁਝ ਕਵਿਤਾਵਾਂ ਸੁਣਾਈਆਂ ਜੋ ਕਾਲਜ ਆ ਕੇ ਲਿਖੀਆਂ ਸਨ। ਪ੍ਰੋਫੈਸਰ ਨੂੰ ਇਹ ਰਚਨਾਵਾਂ ਪਸੰਦ ਨਾ ਆਈਆਂ ਤੇ ਮਾਨ ਨੂੰ ਕਹਿੰਦਾ, ਫਿਰ ਤੂੰ ਪਿੰਡਾਂ ਆਲੀ ਗੱਲ ਕਰ।’’ ਇਹ ਸੁਣਦਿਆਂ ਹੀ ਝੱਟ ਮਾਨ ਨੇ ਫੱਟ ਦੇਣੇ ਪੇਂਡੂ ਰੰਗ ਆਲੇ ਦੋ-ਤਿੰਨ ਗੀਤ ਸੁਣਾ ਦਿੱਤੇ ਜਿਨ੍ਹਾਂ ਨੂੰ ਸੁਣਕੇ ਪ੍ਰੋ. ਨਰੂਲਾ ਬੜਾ ਖ਼ੁਸ਼ ਹੋਇਆ ਤੇ ਮਾਨ ਨੂੰ ਕਹਿੰਦਾ, ਛੱਡ ਪਰਾਂ ਪ੍ਰੋਫੈਸਰਾਂ ਆਲੀ ਭਾਸ਼ਾ।’’ ਇਹ ਗੱਲ ਸੁਣ ਕੇ ਮਾਨ ਨੂੰ ਲੱਗਿਆ ਕਿ ਇਹ ਤਾਂ ਬੜਾ ਸੌਖਾ ਕੰਮ ਏ। ਫਿਰ ਪੇਂਡੂ ਰਹਿਤਲ ਵਾਲੇ ਗੀਤ ਲਿਖਣ ਲੱਗ ਗਿਆ। ਫਿਰ ਉਸ ਨੇ ਆਪਣੇ ਪਿੰਡ ਦੀ ਸਰਪੰਚੀ ਦੀ ਚੋਣ ਦੇ ਮਾਹੌਲ ਬਾਰੇ ਇੱਕ ਗੀਤ ਲਿਖਿਆ। ਬਰਜਿੰਦਰਾ ਕਾਲਜ ’ਚ ਹੋਏ ਯੂਥ ਫੈਸਟੀਵਲ ਦੌਰਾਨ ਜਦੋਂ ਮਾਨ ਨੇ ਇਹ ਗੀਤ ਗਾਇਆ ਤਾਂ ਹਰ ਪਾਸਿਓ ਦਾਦ ਮਿਲੀ ਤੇ ਗੀਤ ਅੱਵਲ ਵੀ ਆਇਆ। ਇਸ ਪ੍ਰਾਪਤੀ ਨੇ ਉਸ ਦਾ ਹੌਸਲਾ ਵਧਾਇਆ ਤੇ ਗੀਤ ਲਿਖਣ ਦਾ ਝੱਸ ਹੋਰ ਵਧ ਗਿਆ।

ਬਰਜਿੰਦਰਾ ਕਾਲਜ ਦੇ ਸਾਹਮਣੇ ਸਥਿਤ ਜੇਬੀਟੀ ਸਕੂਲ ਫ਼ਰੀਦਕੋਟ ਦੇ ਐੱਨ.ਐੱਸ.ਐੱਸ. ਕੈਂਪ ’ਤੇ ਇੱਕ ਵਾਰ ਯਮਲਾ ਜੱਟ ਗਾਉਣ ਆਇਆ। ਮਾਨ ਨੇ ਆਪਣੇ ਸਾਥੀਆਂ ਨਾਲ ਅਖਾੜਾ ਸੁਣਿਆ ਤੇ ਉਸ ਦੇ ਕਈ ਗੀਤਾਂ ਦੀਆਂ ਤਰਜ਼ਾਂ ’ਤੇ ਗੀਤ ਲਿਖ ਦਿੱਤੇ। ਉਸ ਦੀ ਵਿਸ਼ੇਸ਼ਤਾ ਇਹ ਹੈ ਕਿ ਉਸ ਨੇ ਸ਼ੁਰੂ ਤੋਂ ਹੀ ਜੋ ਵੀ ਗੀਤ ਲਿਖਿਆ ਉਸ ਨੂੰ ਵਾਰ-ਵਾਰ ਗਾਉਂਦਾ ਹੈ ਜਿਸ ਨਾਲ ਵਾਕ ਤੇ ਸ਼ਬਦ ਤਰਾਸ਼ੇ ਜਾਂਦੇ ਹਨ। ਅਜਿਹਾ ਕਰਨ ਨਾਲ ਉਸ ਦੇ ਗੀਤਾਂ ’ਚ ਰਵਾਨੀ ਤੇ ਸੁਭਾਵਿਕਤਾ ਵਧਣੀ ਸ਼ੁਰੂ ਹੋ ਗਈ। ਉਸ ਨੇ ਕਿਸੇ ਵੀ ਖ਼ਿਆਲ ਬਾਰੇ ਗੀਤ ਲਿਖਣ ਤੋਂ ਪਹਿਲਾਂ ਤਰਜ਼ ਬਣਾਉਣ ਦਾ ਅਸੂਲ ਬਣਾ ਲਿਆ ਜੋ ਅੱਜ ਤੱਕ ਜਾਰੀ ਹੈ।

ਬਾਬੂ ਸਿੰਘ ਮਾਨ ਦੱਸਦਾ ਹੈ ਕਿ ਉਸ ਦੇ ਕਾਲਜ ਦੇ ਦਿਨਾਂ ’ਚ ਕਰਤਾਰ ਸਿੰਘ ਬਲੱਗਣ ਇੱਕ ‘ਕਵਿਤਾ’ ਨਾਂ ਦਾ ਰਸਾਲਾ ਕੱਢਦੇ ਸਨ। ਉਸ ਦੇ ਹਰ ਅੰਕ ’ਚ ‘ਇਸ ਮਹੀਨੇ ਦਾ ਗੀਤ’ ਸਿਰਲੇਖ ਅਧੀਨ ਇੱਕ ਗੀਤ ਛਪਦਾ ਸੀ। ਇਸ ਲੜੀ ’ਚ ਉਸ ਵੇਲੇ ਦੇ ਚਰਚਿਤ ਸ਼ਾਇਰ ਗੁਰਦੇਵ ਮਾਨ, ਨੰਦ ਲਾਲ ਨੂਰਪੁਰੀ, ਸ਼ਿਵ ਕੁਮਾਰ ਬਟਾਲਵੀ ਤੇ ਦੀਪਕ ਜੈਤੋਈ ਹੋਰਾਂ ਦੇ ਗੀਤ ਹੀ ਜ਼ਿਆਦਾਤਰ ਛਪਦੇ ਸਨ। ਮਾਨ ਨੇ ਵੀ ਉਸ ਰਸਾਲੇ ਨੂੰ ਇੱਕ ਗੀਤ ਭੇਜਿਆ ਤੇ ਉਹ ਛਪ ਗਿਆ। ਬਲੱਗਣ ਦੀ ਹੱਲਾਸ਼ੇਰੀ ਵਾਲੀ ਚਿੱਠੀ ਆਈ ਜਿਸ ਰਾਹੀਂ ਉਸ ਨੂੰ ਅੱਗੇ ਤੋਂ ਵੀ ਗੀਤ ਲਿਖਣ ਤੇ ਭੇਜਣ ਲਈ ਕਿਹਾ। ਜਿਸ ਨਾਲ ਮਾਨ ਦਾ ਹੌਸਲਾ ਬਹੁਤ ਵਧ ਗਿਆ। ਕੁਝ ਸਮੇਂ ਬਾਅਦ ਫ਼ਰੀਦਕੋਟ ਵਿਖੇ ਹੋਏ ਇੱਕ ਮੁਸ਼ਾਇਰੇ ਦੌਰਾਨ ਮਾਨ ਦਾ ਕਰਤਾਰ ਸਿੰਘ ਬਲੱਗਣ ਨਾਲ ਮੇਲ ਹੋ ਗਿਆ। ਉਨ੍ਹਾਂ ਕਿਹਾ, ‘‘ਲਿਆ ਤੇਰੇ ਗੀਤਾਂ ਦੀ ਕਿਤਾਬ ਛਪਵਾਉਂਦੇ ਆ।’’ ਜ਼ਮਾਨੇ ਦੇ ਹਿਸਾਬ ਨਾਲ ਮਾਨ ਲਈ ਇਹ ਬਹੁਤ ਵੱਡੀ ਗੱਲ ਸੀ। ਫਿਰ ਬਲੱਗਣ ਨੇ ਗੁਰਬਾਜ਼ ਪਬਲਿਸ਼ਿੰਗ ਹਾਊਸ ਅੰਮ੍ਰਿਤਸਰ ਤੋਂ ਮਾਨ ਦੀ ਪਹਿਲੀ ਕਿਤਾਬ ‘ਗੀਤਾਂ ਦਾ ਵਣਜਾਰਾ’ ਛਪਵਾਈ ਜਿਸ ਨੂੰ ਬਹੁਤ ਹੁੰਗਾਰਾ ਮਿਲਿਆ। ਇਸ ਤੋਂ ਬਾਅਦ ਉਸ ਦੀ ਗੀਤਕਾਰ ਵਜੋਂ ਪਛਾਣ ਬਣਨੀ ਸ਼ੁਰੂ ਹੋ ਗਈ।

ਮਾਨ ਦਾ ਕਹਿਣਾ ਹੈ ਕਿ ਉਸ ਦੇ ਸਮਕਾਲੀ ਗੀਤਕਾਰ ਇੱਕੋ ਤਰਜ਼ ’ਤੇ ਕਈ-ਕਈ ਗੀਤ ਲਿਖ ਦਿੰਦੇ ਸਨ ਤੇ ਗਾਇਕ ਗਾਉਂਦੇ ਵੀ ਰਹੇ ਹਨ, ਪਰ ਉਸ ਨੇ ਕਦੇ ਵੀ ਇੱਕ ਤਰਜ਼ ’ਤੇ ਇੱਕ ਤੋਂ ਵੱਧ ਗੀਤ ਨਹੀਂ ਲਿਖਿਆ। ਉਸ ਦੇ ਮਨ ’ਚ ਜਦੋਂ ਵੀ ਕੋਈ ਖ਼ਿਆਲ ਆਉਂਦਾ ਹੈ ਤਾਂ ਉਹ ਪਹਿਲਾਂ ਗੀਤ ਦੀ ਤਰਜ਼ ਬਣਾਉਂਦਾ ਹੈ ਤੇ ਫਿਰ ਲਿਖਦਾ ਹੈ। ਇਸ ਵਿਲੱਖਣਤਾ ਕਰਕੇ ਹੀ ਉਸ ਦੇ ਬਹੁਤ ਸਾਰੇ ਗੀਤ ਵੱਖ-ਵੱਖ ਤਰਜ਼ਾਂ ’ਚ ਵੱਖ-ਵੱਖ ਗਾਇਕਾਂ ਨੇ ਗਾਏ ਹਨ। ਮਿਸਾਲ ਵਜੋਂ ਮਾਨ ਦਾ ਲਿਖਿਆ ਗੀਤ ‘ਕਾਲਾ ਘੱਗਰਾ ਸੂਫ਼ ਦਾ...’ ਸਭ ਤੋਂ ਪਹਿਲਾਂ 1970 ’ਚ ਮੁਹੰਮਦ ਸਦੀਕ ਹੋਰਾਂ ਨੇ ਗਾਇਆ। ਫਿਰ 1990 ਦੇ ਆਸ-ਪਾਸ ਦਿਲਸ਼ਾਦ ਅਖ਼ਤਰ ਨੇ ਗਾਇਆ, ਫਿਰ ਹਰਭਜਨ ਮਾਨ ਨੇ ਗਾਇਆ ਤੇ ਉਸ ਤੋਂ ਬਾਅਦ ਵੀ ਕੁਝ ਗਾਇਕਾਂ ਨੇ ਗਾਇਆ। ਸਭ ਦੇ ਅੰਦਾਜ਼ ਤੇ ਤਰਜ਼ਾਂ ਵੱਖੋ-ਵੱਖਰੀਆਂ ਸਨ, ਪਰ ਗੀਤ ਉਹੀ ਸੀ ਤੇ ਹਰ ਵਾਰ ਹਿੱਟ ਵੀ ਹੋਇਆ। ਇਸ ਗੀਤ ਦੇ ਤਜਰਬੇ ਬਾਰੇ ਉਹ ਇੱਕ ਹੋਰ ਗੱਲ ਵੀ ਕਹਿੰਦਾ ਹੈ ਕਿ ਅਹਿਸਾਸ ਕਦੇ ਪੁਰਾਣਾ ਨਹੀਂ ਹੁੰਦਾ ਬਸ਼ਰਤੇ ਇਸ ਨੂੰ ਮਾਣਨ ਜਾਂ ਸਿਰਜਣ ਵਾਲਾ ਸਮਰੱਥ ਹੋਵੇ।

ਆਪਣੇ ਗੀਤਾਂ ਬਾਰੇ ਉਹ ਕਹਿੰਦਾ ਹੈ ਕਿ ਉਸ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਗੀਤ ’ਚੋਂ ਉਹ ਮਨਫ਼ੀ ਰਹੇ ਤੇ ਗੀਤ ਗਾਇਕ ਦਾ ਬਣ ਜਾਵੇ। ਇਸ ਕਰਕੇ ਉਸ ਦੇ ਜੋ ਗੀਤ ਜ਼ਿਆਦਾ ਹਿੱਟ ਹੋਏ ਹਨ ਉਨ੍ਹਾਂ ’ਚ ਉਹ ਕਿਧਰੇ ਨਜ਼ਰ ਨਹੀਂ ਆਉਂਦਾ ਤੇ ਗੀਤ ਲੋਕਾਂ ਦੇ ਬਣ ਗਏ। ਮਿਸਾਲ ਵਜੋਂ ਹਰਭਜਨ ਮਾਨ ਦਾ ਗਾਇਆ ਤੇ ਮਾਨ ਦਾ ਲਿਖਿਆ ਗੀਤ ‘ਮਾਨਾ ਮਰਜਾਣਿਆ ਪਿੱਛੇ ਯਾਦਾਂ ਰਹਿ ਜਾਣੀਆਂ...’, ਹਰਭਜਨ ਮਾਨ ਦਾ ਗੀਤ ਕਰਕੇ ਜਾਣਿਆ ਜਾਂਦਾ ਹੈ ਨਾ ਕਿ ਬਾਬੂ ਸਿੰਘ ਮਾਨ ਕਰਕੇ। ਇਸੇ ਤਰ੍ਹਾਂ ਉਹ ‘ਪਿੱਛੇ-ਪਿੱਛੇ ਆਉਂਦਾ ਮੇਰੀ ਪੈੜ ਵੇਂਹਦਾ ਆਈ, ਮੇਰਾ ਲੌਂਗ ਗੁਆਚਾ ਨਿਗ੍ਹਾ ਮਾਰਦਾ ਆਈ ਵੇ’ ਬਾਰੇ ਗੱਲ ਕਰਦਾ ਹੈ ਕਿ ਪਤਾ ਨਹੀਂ ਕਿੰਨੇ ਗਾਇਕਾਂ ਨੇ ਇਸ ਨੂੰ ਗਾ ਦਿੱਤਾ। ਕਈ ਪੈੜ ਨੂੰ ਚਾਲ ਹੀ ਕਹੀ ਜਾਂਦੇ ਨੇ। ਉਸ ਲਈ ਖ਼ੁਸ਼ੀ ਦੀ ਗੱਲ ਇਹ ਹੈ ਕਿ ਇਹ ਲੋਕਾਂ ਦਾ ਗੀਤ ਬਣ ਚੁੱਕਿਆ ਹੈ।

ਆਪਣੇ ਬੇਹੱਦ ਮਕਬੂਲ ਗੀਤ ‘ਖਾਲੀ ਘੋੜੀ ਹਿਣਕਦੀ...’ ਬਾਰੇ ਮਾਨ ਨੇ ਦੱਸਿਆ ਕਿ ਇਹ ਗੀਤ ਪਹਿਲਾਂ ਉਸ ਨੇ ਜਗਮੋਹਨ ਕੌਰ ਨੂੰ ਦਿੱਤਾ, ਪਰ ਉਸ ਨੂੰ ਸਮਝ ਨਾ ਆਇਆ। ਫਿਰ ਕੁਝ ਸਮੇਂ ਬਾਅਦ ਬੀਬਾ ਰਣਜੀਤ ਕੌਰ ਨੇ ਗਾਇਆ ਤੇ ਇਸ ਗੀਤ ਦੀ ਦਹਾਕਿਆਂ ਬੱਧੀ ਤੂਤੀ ਬੋਲਦੀ ਰਹੀ। ਮਾਨ ਕਹਿੰਦਾ ਹੈ ਕਿ ਤਕਰੀਬਨ ਤਿੰਨ ਕੁ ਦਹਾਕੇ ਪਹਿਲਾਂ ਉਸ ਦੀ ਆਵਾਜ਼ ਖ਼ਰਾਬ ਹੋ ਗਈ ਸੀ ਜਿਸ ਕਾਰਨ ਬਹੁਤ ਸਾਰੇ ਗੀਤ ਗਾਇਕਾਂ ਨੂੰ ਸਮਝਾ ਨਹੀਂ ਸਕਿਆ। ਜੇਕਰ ਉਹ ਸਮਝਾਉਣ ਦੇ ਸਮਰੱਥ ਹੁੰਦਾ ਤਾਂ ਉਸ ਦੇ ਗਾਏ ਗੀਤਾਂ ਦੀ ਗਿਣਤੀ ਹੋਰ ਵੀ ਵੱਡੀ ਹੋ ਜਾਣੀ ਸੀ। ਮਾਨ ਬਿਸਮਿਲ ਫ਼ਰੀਦਕੋਟੀ ਤੋਂ ਬਹੁਤ ਪ੍ਰਭਾਵਿਤ ਸੀ ਤੇ ਉਸ ਦੀ ਸ਼ਾਇਰੀ ਦਾ ਕਾਇਲ ਰਿਹਾ ਤੇ ਅਕਸਰ ਹੀ ਉਸ ਨਾਲ ਮੁਲਾਕਾਤਾਂ ਹੁੰਦੀਆਂ ਰਹਿੰਦੀਆਂ। ਬਿਸਮਿਲ ਗ਼ਰੀਬੀ ’ਚ ਘਿਰਿਆ ਹੋਇਆ ਕਾਮਰੇਡ ਬੰਦਾ ਸੀ ਤੇ ਰਿਕਸ਼ਾ ਚਲਾ ਕੇ ਗੁਜ਼ਾਰਾ ਕਰਦਾ ਸੀ। ਇੱਕ ਵਾਰ ਉਸ ਨੇ ਬਾਬੂ ਸਿੰਘ ਮਾਨ ਨੂੰ ਇੱਕ ਗੀਤ ਲਿਖਣ ਲਈ ਮੁੱਖੜਾ ਦਿੱਤਾ;

ਉਹ ਲੱਖ ਯਤਨ ਕਰਨ ਦੇ ਬਾਵਜੂਦ ਇਹ ਗੀਤ ਨਹੀਂ ਲਿਖ ਸਕਿਆ, ਜਿਸ ਦਾ ਉਸ ਨੂੰ ਸਦਾ ਅਫ਼ਸੋਸ ਰਹੇਗਾ। ਬਿਸਮਿਲ ਨੂੰ ਉਹ ਕਮਾਲ ਦਾ ਕਵੀ ਮੰਨਦਾ ਹੈ। ਮਾਨ ਦਾ ਕਹਿਣਾ ਹੈ ਕਿ ਕਲਾ ਪਾਗਲਪਣ ਤੋਂ ਅੱਗੇ ਦਾ ਨਾਮ ਹੈ ਭਾਵ ਅਜਿਹਾ ਜਨੂੰਨ ਜੋ ਆਪਾਂ ਖੋ ਕੇ ਸਿਰਜੀ ਜਾਂਦੀ ਹੈ। ਹਰ ਤਰ੍ਹਾਂ ਦੀ ਸਿਰਜਣਾ/ਕਲਾ ਅਜਿਹੀ ਬਿਮਾਰੀ ਹੈ ਜੋ ਇਨਸਾਨ ਦੇ ਮਰਨ ਤੱਕ ਨਾਲ ਰਹਿੰਦੀ ਹੈ। ਉਸ ਦਾ ਮੰਨਣਾ ਹੈ ਕਿ ਚੰਗਾ ਲਿਖਣ ਲਈ ਮਿਆਰੀ ਕਿਤਾਬਾਂ ਪੜ੍ਹਨੀਆਂ ਬਹੁਤ ਜ਼ਰੂਰੀ ਹਨ, ਇੱਕ ਕਿਤਾਬ ਪੜ੍ਹਕੇ ਪਾਠਕ ਬਹੁਤ ਸਾਰੇ ਇਨਸਾਨਾਂ ਨੂੰ ਪੜ੍ਹ ਲੈਂਦਾ ਹੈ। ਜਿਸ ਨਾਲ ਕਲਾ ’ਚ ਬਹੁਤ ਸੁਧਾਰ ਹੁੰਦਾ ਹੈ। ਇਸ ਲਈ ਉਸ ਦੁਆਰਾ ਸਕੂਲ ਤੇ ਕਾਲਜ ਦੇ ਦਿਨਾਂ ਦੌਰਾਨ ਪੜ੍ਹੀਆਂ ਬੇਥਾਹ ਪੁਸਤਕਾਂ ਅੱਜ ਤੱਕ ਕੰਮ ਆ ਰਹੀਆਂ ਹਨ।

ਮੁੰਬਈ ਜਾਣ ਬਾਰੇ ਮਾਨ ਨੇ ਦੱਸਿਆ ਕਿ 1986 ’ਚ ਇੱਕ ਵਾਰ ਇੰਗਲੈਂਡ ਤੋਂ ਆਏ ਇੱਕ ਗਾਇਕ ਦੇ ਗੀਤਾਂ ਦੀ ਰਿਕਾਰਡਿੰਗ ਲਈ ਉਸ ਦਾ ਮੁੰਬਈ ਜਾਣ ਦਾ ਸਬੱਬ ਬਣਿਆ। ਉਹ ਮੁੰਬਈ ਪਹੁੰਚਿਆ ਤਾਂ ਸੰਗੀਤਕ ਸਟੂਡੀਓਜ਼ ਵਾਲਿਆਂ ਦੀ ਹੜਤਾਲ ਚੱਲ ਰਹੀ ਸੀ। ਗਾਇਕ ਨੇ ਕਿਹਾ ਕਿ ਰਿਕਾਰਡਿੰਗ ਕਰਨ ਲਈ ਚਲੋ ਇੰਗਲੈਂਡ ਚੱਲਦੇ ਹਾਂ। ਸਬੱਬ ਨਾਲ ਮਾਨ ਕੋਲ ਪਾਸਪੋਰਟ ਹੈ ਸੀ। ਦੂਸਰੇ ਦਿਨ ਹੀ ਵੀਜ਼ਾ ਲੈ ਲਿਆ ਤੇ ਲੰਡਨ ਜਾਣ ਬਾਰੇ ਜਦੋਂ ਪ੍ਰਸਿੱਧ ਗਾਇਕ ਮਹਿੰਦਰ ਕਪੂਰ ਨੂੰ ਪਤਾ ਲੱਗਿਆ ਤਾਂ ਉਹ ਕਹਿੰਦਾ ਮੈਂ ਵੀ ਗੀਤ ਰਿਕਾਰਡ ਕਰ ਲਿਆਵਾਂਗਾ ਨਾਲ ਹੀ ਲੰਡਨ ਚੱਲਦਾ ਹਾਂ। ਮਾਨ ਹੁਰੀ ਮੁੰਬਈ ਤੋਂ ਹੀ ਸਾਜਿੰਦੇ ਲੈ ਕੇ ਲੰਡਨ ਚਲੇ ਗਏ ਤੇ ਪੰਜ ਤਾਰਾ ਹੋਟਲ ’ਚ ਠਹਿਰ ਗਏ। ਉਨ੍ਹਾਂ ਕਿਸੇ ਗੋਰੇ ਦਾ ਸਟੂਡੀਓ ਬੁੱਕ ਕਰ ਲਿਆ, ਪਰ ਮਾਨ ਕੋਲ ਕੋਈ ਗੀਤ ਲਿਖਿਆ ਨਹੀਂ ਹੋਇਆ ਸੀ ਤੇ ਦੋ ਦਿਨ ਲੰਘਣ ਦੇ ਬਾਵਜੂਦ ਉਸ ਨੂੰ ਕੋਈ ਗੀਤ ਨਾ ਔੜਿਆ। ਫਿਰ ਮਾਨ ਨੇ ਆਪਣੇ ਸਾਊਥਹਾਲ ਵਸਦੇ ਇੱਕ ਦੋਸਤ ਨੂੰ ਫੋਨ ਕੀਤਾ ਕਿ ਉੁਹ ਸੈਂਟਰਲ ਲੰਡਨ ਦੇ ਇੱਕ ਹੋਟਲ ’ਚ ਠਹਿਰੇ ਹੋਏ ਹਨ। ਗੀਤ ਰਿਕਾਰਡ ਕਰਨੇ ਨੇ, ਪਰ ਉੁਸ ਤੋਂ ਕੋਈ ਗੀਤ ਲਿਖਿਆ ਨਹੀਂ ਜਾ ਰਿਹਾ। ਮਾਨ ਨਾਲ ਮਹਿੰਦਰ ਕਪੂਰ ਹੋਰੀ ਵੀ ਦੋਸਤ ਦੇ ਘਰ ਚਲੇ ਗਏ। ਮਾਨ ਨੇ ਅਗਲੇ ਦਿਨ ਹੀ ਦੋ ਗੀਤ ਲਿਖ ਦਿੱਤੇ ਤੇ ਤਰਜ਼ਾਂ ਵੀ ਸੁਣਾ ਦਿੱਤੀਆਂ। ਉਹ ਸਟੂਡੀਓ ਆ ਗਏ ਤੇ ਗੀਤਾਂ ਦੀ ਰਿਕਾਰਡਿੰਗ ਸ਼ੁਰੂ ਹੋ ਗਈ। ਇੱਕ ਗੀਤ ਰਿਕਾਰਡ ਹੋ ਜਾਂਦਾ ਤੇ ਮਾਨ ਅਗਲਾ ਗੀਤ ਲਿਖ ਦਿੰਦਾ। ਇਸ ਤਰ੍ਹਾਂ ਲਗਾਤਾਰ 18 ਘੰਟਿਆਂ ’ਚ 8 ਗੀਤ ਰਿਕਾਰਡ ਕਰਵਾਏ। ਸਾਰੇ ਗੀਤ ਹੀ ਸੁਪਰ ਹਿੱਟ ਰਹੇ। ਸਟੂਡੀਓ ਦੇ ਮਾਲਕ ਗੋਰੇ ਨੇ ਜਦੋਂ ਆਪਣੀ ਜੀਵਨੀ ਲਿਖੀ ਤਾਂ ਉਸ ਨੇ ਬਾਬੂ ਸਿੰਘ ਮਾਨ ਦੀ ਇਸ ਯਾਦਗਾਰੀ ਰਿਕਾਰਡਿੰਗ ਦਾ ਵਿਸ਼ੇਸ਼ ਜ਼ਿਕਰ ਕੀਤਾ।

ਬੌਲੀਵੁੱਡ ’ਚ ਗੀਤਕਾਰ ਵਜੋਂ ਪ੍ਰਵੇਸ਼ ਕਰਨ ਬਾਰੇ ਮਾਨ ਦਾ ਕਿੱਸਾ ਬੜਾ ਰੋਚਕ ਹੈ। ਉਸ ਦਾ ਲਿਖਿਆ ਗੀਤ ‘ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ...’ ਸ਼ਾਹਰੁਖ ਖਾਨ ਦੀ ਹਿੰਦੀ ਫਿਲਮ ‘ਚਲਤੇ-ਚਲਤੇ’ ’ਚ ਸ਼ਾਮਲ ਕਰ ਲਿਆ ਗਿਆ। ਜਦੋਂ ਉਸ ਨੂੰ ਪਤਾ ਲੱਗਿਆ ਤਾਂ ਉੱਘੇ ਵਿਅੰਗਕਾਰ ਰਾਜਿੰਦਰ ਸਿੰਘ ਆਤਿਸ਼ ਨਾਲ ਸੰਪਰਕ ਕੀਤਾ। ਆਤਿਸ਼ ਬੌਲੀਵੁੱਡ ਦੇ ਗੀਤਕਾਰਾਂ ਦੀ ਐਸੋਸੀਏਸ਼ਨ ਦਾ ਜਨਰਲ ਸਕੱਤਰ ਸੀ। ਉਸ ਨੂੰ ਫਿਲਮ ਵਾਲਿਆਂ ਨਾਲ ਗੱਲ ਕਰਨ ਦੀ ਬਾਬੂ ਸਿੰਘ ਮਾਨ ਨੇ ਅਥਾਰਿਟੀ ਦੇ ਦਿੱਤੀ। ਗੀਤ ਦਾ ਮਾਮਲਾ ਉੱਠਣ ਤੋਂ ਬਾਅਦ ਫਿਲਮ ਰੁਕ ਗਈ। ਗੱਲਬਾਤ ਚੱਲੀ ਤੇ ਆਤਿਸ਼ ਨੇ ਆਖ਼ਿਰਕਾਰ ਦੋ ਲੱਖ ਰੁਪਏ ’ਚ ਗੱਲ ਨਿਬੇੜ ਦਿੱਤੀ। ਕੁਝ ਦਿਨਾਂ ਬਾਅਦ ਬਾਬੂ ਸਿੰਘ ਮਾਨ ਨੂੰ ਆਤਿਸ਼ ਦਾ ਫੋਨ ਆਇਆ ਕਿ ਉਨ੍ਹਾਂ ਦੀ ਐਸੋਸੀਏਸ਼ਨ ਵਾਲੇ ਕਲੇਸ਼ ਪਾਈ ਬੈਠੇ ਨੇ ਕਿ ਉਨ੍ਹਾਂ ਨੂੰ ਤਾਂ ਇੱਕ ਗੀਤ ਦੇ 10 ਹਜ਼ਾਰ ਰੁਪਏ ਮਸਾਂ ਮਿਲਦੇ ਨੇ ਤੇ ਇੱਕ ਬਾਹਰ ਦਾ ਬੰਦਾ ਇੱਕ ਗੀਤ ਦਾ ਦੋ ਲੱਖ ਲੈ ਗਿਆ।

ਗੀਤਕਾਰਾਂ ਨੂੰ ਸਾਹਿਤਕਾਰ ਮੰਨਣ ਬਾਰੇ ਮਾਨ ਦਾ ਕਹਿਣਾ ਹੈ ਕਿ ਉਸ ਨੂੰ ਅੱਜ ਤੱਕ ਪਤਾ ਨਹੀਂ ਲੱਗਿਆ ਕਿ ਕਿਸੇ ਲੇਖਕ ਨੂੰ ਸਾਹਿਤਕਾਰ ਵਜੋਂ ਪ੍ਰਵਾਨਗੀ ਦੇਣ ਵਾਲੇ ਕੌਣ ਲੋਕ ਹਨ ਤੇ ਸਾਹਿਤਕਾਰ ਹੋਣ ਦਾ ਪੈਮਾਨਾ ਕੀ ਹੈ? ਇਸ ਤੋਂ ਇਲਾਵਾ ਲਿਖਾਰੀ ਨੂੰ ਕਿਸ ਤੋਂ ਮਾਨਤਾ ਲੈਣੀ ਹੁੰਦੀ ਹੈ? ਬਾਬੂ ਸਿੰਘ ਮਾਨ ਲੋਕਾਂ ਦੀ ਪ੍ਰਵਾਨਗੀ ਨੂੰ ਸਭ ਤੋਂ ਵੱਡੀ ਮੰਨਦਾ ਹੈ ਜੋ ਚੰਗੇ ਮਾੜੇ ਲਿਖਾਰੀ ਦਾ ਨਿਰਣਾ ਕਰਦੇ ਹਨ।

ਇਸ ਅੰਕ ਦੀਆਂ ਹੋਰ ਖ਼ਬਰਾਂ

ਅੰਮ੍ਰਿਤਸਰ ‘ਚ ਨਸ਼ੀਲੇ ਪਦਾਰਥਾਂ ਦੇ ਨੈਟਵਰਕ ਦਾ ਪਰਦਾਫਾਸ਼, ਹੈਰੋਇਨ ਤੇ ਹਥਿਆਰਾਂ ਸਣੇ 9 ਗ੍ਰਿਫਤਾਰਪੜ੍ਹੋ →
ਮਾਈਕ੍ਰੋਸਾਫਟ ਦਾ ਗਲੋਬਲ ਆਊਟੇਜ ਖ਼ਤਮ, 24 ਘੰਟਿਆਂ ਤੋਂ ਵੱਧ ਠੱਪ ਰਹਿਣ ਮਗਰੋਂ ਸੇਵਾਵਾਂ ਬਹਾਲਪੜ੍ਹੋ →
ਅਬੋਹਰ ‘ਚ ਨਸ਼ੀਲੀਆਂ ਗੋਲੀਆਂ ਸਮੇਤ ਨਾਬਾਲਗ ਕਾਬੂ, 150 ਪੱਤੇ ਬਰਾਮਦਪੜ੍ਹੋ →
ਮਹਾਦੇਵ ਸੱਟੇਬਾਜ਼ੀ ਐਪ ਮਾਮਲਾ ‘ਚ ਅੰਮ੍ਰਿਤਸਰ ਪਹੁੰਚੀ ਸੀਬੀਆਈ, ਅਮਰੀਕੀ ਨਾਗਰਿਕਾਂ ਨਾਲ ਟੇਕ ਸਪੋਰਟ ਦੇ ਨਾਮ ‘ਤੇ ਕਰਦੇ ਸਨ ਠੱਗੀਪੜ੍ਹੋ →
ਫਿਰੋਜ਼ਪੁਰ ‘ਚ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੀ ਪਹਿਲੀ ਕਨਵੋਕੇਸ਼ਨ, ਰਾਜਪਾਲ ਤੇ ਮੁੱਖ ਮੰਤਰੀ ਨੇ ਵੰਡੀਆਂ ਡਿਗਰੀਆਂਪੜ੍ਹੋ →
ਪੰਜਾਬ ਨੌਜਵਾਨਾਂ ਨੂੰ ਕਰੋੜਪਤੀ ਬਣਾਏਗੀ ਪੰਜਾਬ ਸਰਕਾਰ, ਸੀਐਮ ਨੇ 'ਪੰਜਾਬ ਦਾ ਕਰੋੜਪਤੀ' ਕੀਤਾ ਲਾਂਚ; ਹੋਣਗੇ 11 ਰਾਉਂਡਪੜ੍ਹੋ →