ਕੇਵਲ ਸਿੰਘ ਢਿੱਲੋਂ ਦੀ ਅਪੀਲ: ਦੀਵਾਲੀ 'ਤੇ ਨਸ਼ਿਆਂ ਕਾਰਨ ਜਾਨ ਗੁਆਉਣ ਵਾਲੇ ਨੌਜਵਾਨਾਂ ਦੀ ਯਾਦ ਵਿੱਚ ਇੱਕ ਦੀਵਾ ਜਗਾਓ

ਕੇਵਲ ਸਿੰਘ ਢਿੱਲੋਂ ਨੇ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਨਸ਼ਿਆਂ ਦਾ ਕੋਹੜ ਪੰਜਾਬ ਦੀ ਜਵਾਨੀ ਨੂੰ ਨਿਗਲ ਰਿਹਾ ਹੈ ਅਤੇ ਇਸ ਕਾਰਨ ਹਜ਼ਾਰਾਂ ਪਰਿਵਾਰਾਂ ਦੇ ਘਰਾਂ ਦੇ ਚਿਰਾਗ ਬੁੱਝ ਚੁੱਕੇ ਹਨ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਦੀਵਾਲੀ ’ਤੇ ਇੱਕ ਦੀਵਾ ਉਨ੍ਹਾਂ ਨੌਜਵਾਨਾਂ ਦੀ ਯਾਦ ਵਿੱਚ ਜ਼ਰੂਰ ਜਗਾਇਆ ਜਾਵੇ, ਜਿਨ੍ਹਾਂ ਦੀਆਂ ਜਾਨਾਂ ਨਸ਼ਿਆਂ ਨੇ ਖੋਹ ਲਈਆਂ।
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸਮੂਹ ਪੰਜਾਬ ਵਾਸੀਆਂ ਅਤੇ ਦੇਸ਼ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਦਿਲੋਂ ਮੁਬਾਰਕਾਂ ਦਿੱਤੀਆਂ ਹਨ।
ਇਸ ਮੌਕੇ ਉਨ੍ਹਾਂ ਕਿਹਾ ਕਿ ਦੀਵਾਲੀ ਦਾ ਤਿਉਹਾਰ ਝੂਠ ’ਤੇ ਸੱਚ, ਬੁਰਾਈ ’ਤੇ ਚੰਗਿਆਈ ਅਤੇ ਅਗਿਆਨਤਾ ’ਤੇ ਗਿਆਨ ਦੀ ਜਿੱਤ ਦਾ ਪ੍ਰਤੀਕ ਹੈ। ਇਹ ਤਿਉਹਾਰ ਸਾਨੂੰ ਸਿੱਖਿਆ ਦਿੰਦਾ ਹੈ ਕਿ ਇੱਕ ਛੋਟਾ ਜਿਹਾ ਦੀਵਾ ਵੀ ਹਨੇਰੇ ਰਾਹਾਂ ਨੂੰ ਰੌਸ਼ਨ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਸ ਪਵਿੱਤਰ ਮੌਕੇ ’ਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਜਾਵੇ ਕਿ ਪੰਜਾਬ ਵਿੱਚੋਂ ਨਸ਼ਿਆਂ ਦਾ ਹਨੇਰਾ ਜਲਦੀ ਦੂਰ ਹੋਵੇ ਅਤੇ ਸੂਬੇ ਵਿੱਚ ਖੁਸ਼ਹਾਲੀ, ਅਮਨ-ਸ਼ਾਂਤੀ ਅਤੇ ਤਰੱਕੀ ਦੀ ਰੌਸ਼ਨੀ ਮੁੜ ਪਰਤੇ।
ਉਨ੍ਹਾਂ ਕਿਹਾ, "ਆਓ, ਇਸ ਦੀਵਾਲੀ ਅਸੀਂ ਸਿਰਫ਼ ਆਪਣੇ ਘਰਾਂ ਵਿੱਚ ਹੀ ਨਹੀਂ, ਸਗੋਂ ਹਰ ਲੋੜਵੰਦ ਦੇ ਜੀਵਨ ਵਿੱਚ ਵੀ ਖੁਸ਼ੀਆਂ ਦਾ ਦੀਵਾ ਜਗਾਈਏ ਅਤੇ ਆਪਸੀ ਭਾਈਚਾਰੇ, ਪਿਆਰ ਅਤੇ ਏਕਤਾ ਨਾਲ ਸਮਾਜ ਨੂੰ ਹੋਰ ਮਜ਼ਬੂਤ ਬਣਾਈਏ।"
ਅੰਤ ਵਿੱਚ ਕੇਵਲ ਸਿੰਘ ਢਿੱਲੋਂ ਨੇ ਕਾਮਨਾ ਕੀਤੀ ਕਿ ਦੀਵਾਲੀ ਅਤੇ ਬੰਦੀ ਛੋੜ ਦਿਵਸ ਦਾ ਇਹ ਪਵਿੱਤਰ ਤਿਉਹਾਰ ਹਰ ਕਿਸੇ ਦੇ ਜੀਵਨ ਵਿੱਚ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਲੈ ਕੇ ਆਵੇ।
