ਪੰਜ ਤੱਤਾਂ ‘ਚ ਵਿਲੀਨ ਹੋਏ ਪਰਵਿੰਦਰ ਸਿੰਘ ਝੋਟਾ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਮਾਨਸਾ ਪਹੁੰਚਣ ਤੋਂ ਬਾਅਦ ਪਰਵਿੰਦਰ ਝੋਟਾ ਦੀ ਮ੍ਰਿਤਕ ਦੇਹ ਨੂੰ ਸਭ ਤੋਂ ਪਹਿਲਾਂ ਉਨ੍ਹਾਂ ਦੇ ਜੱਦੀ ਘਰ ਲਿਆਂਦਾ ਗਿਆ, ਜਿੱਥੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਸਮਰਥਕਾਂ ਨੇ ਅੰਤਿਮ ਦਰਸ਼ਨ ਕੀਤੇ। ਇਸ ਤੋਂ ਬਾਅਦ ਫੁੱਲਾਂ ਨਾਲ ਸਜਾਈ ਟਰੈਕਟਰ-ਟਰਾਲੀ 'ਚ ਮ੍ਰਿਤਕ ਦੇਹ ਰੱਖ ਕੇ ਸ਼ਹਿਰ 'ਚੋਂ ਅੰਤਿਮ ਯਾਤਰਾ ਕੱਢੀ ਗਈ।
ਮਾਨਸਾ ‘ਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦਾ ਅੱਜ ਕਰੀਬ 26 ਦਿਨਾਂ ਬਾਅਦ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਚਕੇਰੀਆ ਰੋਡ ਸਥਿਤ ਜੱਦੀ ਖੇਤ ‘ਚ ਲਿਜਾਇਆ ਗਿਆ, ਜਿੱਥੇ ਪਰਿਵਾਰਕ ਮੈਂਬਰਾਂ ਵੱਲੋਂ ਅੰਤਿਮ ਰਸਮਾਂ ਨਿਭਾਈਆਂ ਗਈਆਂ ਤੇ ਉਨ੍ਹਾਂ ਨੂੰ ਪੰਜ ਤੱਤਾਂ ਵਿੱਚ ਵਿਲੀਨ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ’ਚ ਲੋਕਾਂ ਨੇ ਨਮ ਅੱਖਾਂ ਨਾਲ ਪਰਵਿੰਦਰ ਝੋਟਾ ਨੂੰ ਅੰਤਿਮ ਵਿਦਾਈ ਦਿੱਤੀ।
ਚੰਡੀਗੜ੍ਹ ਦੇ ਪੀਜੀਆਈ ‘ਚ ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅੱਜ ਸਵੇਰੇ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ ਸੀ। ਇਸ ਤੋਂ ਬਾਅਦ ਵਿਸ਼ੇਸ਼ ਐਂਬੂਲੈਂਸ ਰਾਹੀਂ ਮ੍ਰਿਤਕ ਦੇਹ ਨੂੰ ਮਾਨਸਾ ਲਿਆਂਦਾ ਗਿਆ। ਐਂਬੂਲੈਂਸ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ ਤੇ ਉਸ ਉੱਤੇ ਪਰਵਿੰਦਰ ਝੋਟਾ ਦੀਆਂ ਤਸਵੀਰਾਂ ਵੀ ਲਗਾਈਆਂ ਗਈਆਂ ਸਨ। ਮਾਨਸਾ ਪਹੁੰਚਣ ਦੌਰਾਨ ਰਸਤੇ ‘ਚ ਵੱਖ-ਵੱਖ ਥਾਵਾਂ ‘ਤੇ ਲੋਕ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਇਕੱਠੇ ਹੋਏ। ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੇ ਨਾਲ ਵੱਡਾ ਕਾਫ਼ਲਾ ਵੀ ਮੌਜੂਦ ਰਿਹਾ।
ਦੱਸਣਯੋਗ ਹੈ ਕਿ 13 ਅਕਤੂਬਰ ਨੂੰ ਮਾਨਸਾ ‘ਚ ਇੱਕ ਮੈਡੀਕਲ ਸਟੋਰ ‘ਤੇ ਪਰਵਿੰਦਰ ਸਿੰਘ ਝੋਟਾ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਪਰਿਵਾਰ ਤੇ ਸਮਰਥਕਾਂ ਵੱਲੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਸੀ। ਇਸ ਕਾਰਨ ਉਨ੍ਹਾਂ ਦਾ ਅੰਤਿਮ ਸਸਕਾਰ ਕਰੀਬ 26 ਦਿਨਾਂ ਬਾਅਦ ਹੋ ਸਕਿਆ।
ਪਰਵਿੰਦਰ ਝੋਟਾ ਦੇ ਪਿਤਾ ਭੀਮ ਸਿੰਘ ਵੱਲੋਂ ਮਾਨਸਾ ਦੇ ਐਸਐਸਪੀ ਵੈਭਵ ਚੌਧਰੀ ਦੇ ਤਬਾਦਲੇ ਤੇ ਉਨ੍ਹਾਂ ਖ਼ਿਲਾਫ਼ ਵਿਭਾਗੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ। ਇਸ ਮੰਗ ਨੂੰ ਲੈ ਕੇ ਉਹ ਭੁੱਖ ਹੜਤਾਲ ‘ਤੇ ਵੀ ਬੈਠੇ ਹਨ। ਉਨ੍ਹਾਂ ਦਾ ਇਲਜ਼ਾਮ ਸੀ ਕਿ ਇਲਾਕੇ ‘ਚ ਨਸ਼ਿਆਂ ਨੂੰ ਰੋਕਣ’ਚ ਪੁਲਿਸ ਦੀ ਨਾਕਾਮੀ ਕਾਰਨ ਉਨ੍ਹਾਂ ਦੇ ਪੁੱਤਰ ਦੀ ਜਾਨ ਗਈ।
ਪਰਿਵਾਰ ਨੇ ਸਪੱਸ਼ਟ ਕੀਤਾ ਹੈ ਕਿ ਪਰਵਿੰਦਰ ਝੋਟਾ ਦੇ ਕਤਲ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੇ ਪੂਰਾ ਇਨਸਾਫ਼ ਮਿਲਣ ਤੱਕ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ। ਪਰਿਵਾਰ ਦਾ ਕਹਿਣਾ ਹੈ ਕਿ ਨਸ਼ਿਆਂ ਖ਼ਿਲਾਫ਼ ਉਨ੍ਹਾਂ ਵੱਲੋਂ ਸ਼ੁਰੂ ਕੀਤੀ ਗਈ ਆਵਾਜ਼ ਨੂੰ ਵੀ ਅੱਗੇ ਬੁਲੰਦ ਕੀਤਾ ਜਾਵੇਗਾ। ਇਸ ਤਰ੍ਹਾਂ 26 ਦਿਨਾਂ ਦੇ ਇੰਤਜ਼ਾਰ ਤੋਂ ਬਾਅਦ ਪਰਵਿੰਦਰ ਸਿੰਘ ਝੋਟਾ ਦਾ ਅੰਤਿਮ ਸਸਕਾਰ ਹੋ ਗਿਆ, ਪਰ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਅਜੇ ਵੀ ਜਾਰੀ ਹੈ।
