ਜਨਮ ਦਿਨ ਮੌਕੇ ਕਮਲ ਹਾਸਨ ਵੱਲੋਂ ਫਿਲਮ ‘ਸੰਡਿਆਰ’ ਦਾ ਐਲਾਨ
ਅਦਾਕਾਰ ਅਤੇ ਰਾਜ ਸਭਾ ਮੈਂਬਰ ਕਮਲ ਹਾਸਨ ਨੇ ਅੱਜ ਆਪਣੇ 72ਵੇਂ ਜਨਮ ਦਿਨ ਮੌਕੇ ਪ੍ਰਸ਼ੰਸਕਾਂ ਨੂੰ ਤੋਹਫ਼ਾ ਦਿੰਦਿਆਂ ਆਪਣੀ ਨਵੀਂ ਫਿਲਮ ‘ਸੰਡਿਆਰ’ ਦਾ ਐਲਾਨ ਕੀਤਾ। ਉਨ੍ਹਾਂ ਨੇ ਇਸ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਨਿਰਦੇਸ਼ਕ ਐੱਸ ਯੂ ਅਰੁਣ ਕੁਮਾਰ ਨਾਲ ਇਹ ਕਮਲ ਹਾਸਨ ਦੀ ਪਹਿਲੀ ਫਿਲਮ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਫਿਲਮ ਦੇ ਪਹਿਲੇ ਪੋਸਟਰ ਵਿੱਚ ਉਹ ਗੱਡੀ ਦੇ ਬਾਹਰ ਖੜ੍ਹੇ ਹੋ ਕੇ ਖੁੱਲ੍ਹੀ ਖਿੜਕੀ ਰਾਹੀਂ ਅੰਦਰ ਝਾਕਦੇ ਹੋਏ ਹੱਥ ਵਿੱਚ ਬੰਦੂਕ ਫੜੀ ਨਜ਼ਰ ਆ ਰਹੇ ਹਨ। ਬਦਲੇ ਅਤੇ ਐਕਸ਼ਨ ’ਤੇ ਆਧਾਰਿਤ ਇਸ ਫਿਲਮ ਦਾ ਸੰਗੀਤ ਅਨਿਰੁਧ ਰਵੀਚੰਦਰ ਅਤੇ ਐਕਸ਼ਨ ਨਿਰਦੇਸ਼ਨ ਅਨਬਰਿਵ ਜੋੜੀ ਦਾ ਹੋਵੇਗਾ। ਐੱਮ ਐੱਨ ਐੱਮ ਦੇ ਬਾਨੀ ਕਮਲ ਹਾਸਨ ਦੇ ਜਨਮ ਦਿਨ ਮੌਕੇ ਟੀਵੀਕੇ ਪ੍ਰਧਾਨ ਵਿਜੈ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਉਨ੍ਹਾਂ ਨੂੰ ਚੰਗੀ ਸਿਹਤ ਤੇ ਲੰਮੀ ਉਮਰ ਲਈ ਸ਼ੁਭਕਾਮਨਾਵਾਂ ਦਿੱਤੀਆਂ। ਡੀ ਐੱਮ ਕੇ ਮੁਖੀ ਐੱਮ ਕੇ ਸਟਾਲਿਨ ਨੇ ਸਿਨੇਮਾ, ਸੂਬਿਆਂ ਦੇ ਅਧਿਕਾਰਾਂ ਤੇ ਤਮਿਲ ਭਾਸ਼ਾ ਦੇ ਸਨਮਾਨ ਲਈ ਉਨ੍ਹਾਂ ਦੇ ਯੋਗਦਾਨ ਦਾ ਸਲਾਹਿਆ। ਕੇਰਲ ਦੇ ਵਿਰੋਧੀ ਧਿਰ ਦੇ ਨੇਤਾ ਵੀ ਡੀ ਸਤੀਸ਼ਨ ਨੇ ਕਿਹਾ ਕਿ ਕੇਰਲ ਨੇ ਉਨ੍ਹਾਂ ਨੂੰ ਹਮੇਸ਼ਾ ਆਪਣਾ ਮੰਨਿਆ ਹੈ। ਇਸੇ ਤਰ੍ਹਾਂ ਕੇਰਲ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਉਨ੍ਹਾਂ ਦੀਆਂ ਧਰਮ-ਨਿਰਪੱਖ ਅਤੇ ਅਗਾਂਹਵਧੂ ਕਦਰਾਂ-ਕੀਮਤਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੀਆਂ ਧੀਆਂ ਸ਼ਰੂਤੀ ਤੇ ਅਕਸ਼ਰਾ ਹਾਸਨ ਨੇ ਵੀ ਸੋਸ਼ਲ ਮੀਡੀਆ ਰਾਹੀਂ ਪਿਤਾ ਨੂੰ ਵਧਾਈ ਦਿੱਤੀ ਹੈ।
