ਰੱਖਿਆ ਮੰਤਰੀ ਨੇ ਸਿੱਕਮ ਵਿਖੇ ਦੇਸ਼ ਲਈ ਜਾਨ ਵਾਰਨ ਵਾਲੇ ਬਹਾਦਰ ਸੈਨਿਕਾਂ ਨੂੰ ਦਿੱਤੀ ਸ਼ਰਧਾਂਜਲੀ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਸਿੱਕਮ ਵਿੱਚ ਨਾਥੂ ਲਾ ਦੇ ਨੇੜੇ ਸ਼ੇਰੇਥਾਂਗ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਇੱਕ ਜੰਗੀ ਯਾਦਗਾਰ (ਵਾਰ ਮੈਮੋਰੀਅਲ) ਵਿਖੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਸ਼ੇਰੇਥਾਂਗ ਪਹੁੰਚਣ 'ਤੇ ਗੰਗਟੋਕ ਦੇ ਜ਼ਿਲ੍ਹਾ ਕੁਲੈਕਟਰ (ਡੀ ਸੀ) ਰੋਹਨ ਅਗਵਾਨੇ, ਸੀਨੀਅਰ ਪੁਲੀਸ ਕਪਤਾਨ (ਐੱਸ ਐੱਸ ਪੀ) ਡਾਕਟਰ ਸੇਰਿੰਗ ਨਾਮਗਿਆਲ ਗਿਆਤਸੋ ਅਤੇ ਗ੍ਰਹਿ ਵਿਭਾਗ ਦੇ ਸੰਯੁਕਤ ਸਕੱਤਰ ਜੌਹਨ ਗੁਰੂੰਗ ਦੇ ਨਾਲ-ਨਾਲ ਫੌਜ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਰਾਜਨਾਥ ਸਿੰਘ ਨੇ ਪੂਰਬੀ ਸਿੱਕਮ ਵਿੱਚ ਸ਼ੇਰੇਥਾਂਗ ਜੰਗੀ ਯਾਦਗਾਰ ਵਿਖੇ ਉਨ੍ਹਾਂ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ ਦੇਸ਼ ਦੀ ਸੇਵਾ ਵਿੱਚ ਮਹਾਨ ਕੁਰਬਾਨੀ ਦਿੱਤੀ ਹੈ। ਉਨ੍ਹਾਂ ਨੇ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੀ ਰਾਖੀ ਕਰਨ ਵਾਲੇ ਜਵਾਨਾਂ ਦੀ ਹਿੰਮਤ ਅਤੇ ਬਹਾਦਰੀ ਨੂੰ ਸਲਾਮ ਕੀਤਾ।
ਉਨ੍ਹਾਂ ਦੱਸਿਆ ਕਿ ਰੱਖਿਆ ਮੰਤਰੀ ਨੇ ਇਸ ਖੇਤਰ ਵਿੱਚ ਤਾਇਨਾਤ ਸੁਰੱਖਿਆ ਬਲਾਂ ਨਾਲ ਗੱਲਬਾਤ ਕੀਤੀ ਅਤੇ ਚੁਣੌਤੀਪੂਰਨ ਹਾਲਾਤ ਵਿੱਚ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਉਨ੍ਹਾਂ ਦੇ ਸਮਰਪਣ ਤੇ ਸੇਵਾ ਭਾਵਨਾ ਦੀ ਸ਼ਲਾਘਾ ਕੀਤੀ।
ਰਾਜਨਾਥ ਸਿੰਘ ਨੇ ਬਾਬਾ ਹਰਭਜਨ ਸਿੰਘ ਮੰਦਰ ਦਾ ਵੀ ਦੌਰਾ ਕੀਤਾ ਅਤੇ ਇਸ ਪਵਿੱਤਰ ਅਸਥਾਨ 'ਤੇ ਮੱਥਾ ਟੇਕਿਆ, ਜਿਸ ਦੀ ਫੌਜੀ ਜਵਾਨਾਂ ਵਿੱਚ ਬਹੁਤ ਜ਼ਿਆਦਾ ਮਾਨਤਾ ਹੈ।
