📰 11/07/2026
ਮਨੋਰੰਜਨ📍 ਪੰਜਾਬ

ਦਿਲਾਂ ਅੰਦਰ ਦੀਵੇ ਜਗਾਉਣ ਦੀ ਲੋੜ

ਦੀਵਾਲੀ ਸਮੂਹ ਭਾਰਤੀਆਂ ਵੱਲੋਂ ਬੜੇ ਹੀ ਚਾਵਾਂ ਅਤੇ ਉਤਸ਼ਾਹ ਨਾਲ ਮਨਾਇਆ ਜਾਣ ਵਾਲਾ ਤਿਉਹਾਰ ਹੈ। ਪ੍ਰਾਚੀਨ ਗ੍ਰੰਥਾਂ ਅਤੇ ਇਤਿਹਾਸਕ ਖੋਜਾਂ ਤੋਂ ਦੀਵਾਲੀ ਮਨਾਉਣ ਦੀ ਸ਼ੁਰੂਆਤ ਹੋਣ ਬਾਰੇ ਕਈ ਉਲੇਖ ਮਿਲਦੇ ਹਨ।

ਦੀਵਾਲੀ ਸਮੂਹ ਭਾਰਤੀਆਂ ਵੱਲੋਂ ਬੜੇ ਹੀ ਚਾਵਾਂ ਅਤੇ ਉਤਸ਼ਾਹ ਨਾਲ ਮਨਾਇਆ ਜਾਣ ਵਾਲਾ ਤਿਉਹਾਰ ਹੈ।

ਪ੍ਰਾਚੀਨ ਗ੍ਰੰਥਾਂ ਅਤੇ ਇਤਿਹਾਸਕ ਖੋਜਾਂ ਤੋਂ ਦੀਵਾਲੀ ਮਨਾਉਣ ਦੀ ਸ਼ੁਰੂਆਤ ਹੋਣ ਬਾਰੇ ਕਈ ਉਲੇਖ ਮਿਲਦੇ ਹਨ। ਹਿੰਦੂ ਧਰਮ ਅਨੁਸਾਰ ਇਸ ਦਿਨ ਭਗਵਾਨ ਸ੍ਰੀ ਰਾਮ ਚੰਦਰ ਚੌਦਾਂ ਸਾਲ ਦਾ ਬਣਵਾਸ ਕੱਟਣ ਉਪਰੰਤ ਲੰਕਾਂ ਦੇ ਰਾਜੇ ਰਾਵਣ ਨੂੰ ਮਾਰ ਕੇ ਅਯੁੱਧਿਆ ਪਰਤੇ ਸਨ। ਇਸ ਕਾਰਨ ਅਯੁੱਧਿਆ ਦੇ ਲੋਕਾਂ ਨੇ ਖ਼ੁਸ਼ੀਆਂ ਮਨਾਈਆਂ ਅਤੇ ਦੀਪਮਾਲਾ ਕੀਤੀ। ਇੱਕ ਹੋਰ ਮਤ ਅਨੁਸਾਰ ਭਗਵਾਨ ਵਿਸ਼ਨੂੰ ਨੇ ਇਸ ਦਿਨ ਭਗਤ ਪ੍ਰਹਿਲਾਦ ਨੂੰ ਦੁਸ਼ਟ ਹਰਨਾਕਸ਼ ਤੋਂ ਬਚਾਇਆ ਸੀ। ਬੁੱਧ ਧਰਮ ਦੇ ਬਾਨੀ ਮਹਾਤਮਾ ਬੁੱਧ ਨੂੰ ਇਸ ਦਿਨ ਹੀ ਸਖ਼ਤ ਤਪ ਤੋਂ ਬਾਅਦ ਗਿਆਨ ਦੀ ਪ੍ਰਾਪਤੀ ਹੋਈ ਸੀ। ਜੈਨ ਧਰਮ ਦੇ ਸੰਸਥਾਪਕ ਮਹਾਂਵੀਰ ਜੈਨ ਨੂੰ ਵੀ ਇਸੇ ਦਿਨ ਨਿਰਵਾਣ ਪ੍ਰਾਪਤ ਹੋਇਆ ਸੀ। ਇੱਕ ਹੋਰ ਮਤ ਅਨੁਸਾਰ ਬਿਕਰਮ ਦੱਤ ਨੇ ਵੀ ਇਸ ਦਿਨ ਹੀ ਰਾਜ ਸਿੰਘਾਸਨ ਸੰਭਾਲਿਆ ਸੀ ਜਿਸ ਦੀ ਖ਼ੁਸ਼ੀ ਲੋਕਾਂ ਨੇ ਦੀਵੇ ਜਗਾ ਕੇ ਮਨਾਈ। ਸਿੱਖ ਧਰਮ ਵਿੱਚ ਦੀਵਾਲੀ ਦਾ ਵਿਸ਼ੇਸ਼ ਮਹੱਤਵ ਹੈ। ਸਿੱਖ ਇਤਿਹਾਸ ਅਨੁਸਾਰ ਇਸ ਦਿਨ ਛੇਵੇਂ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ 52 ਰਾਜਿਆਂ ਸਮੇਤ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਹੋ ਕੇ ਆਏ ਸਨ। ਗੁਰੂ ਸਾਹਿਬ ਦੇ ਰਿਹਾਅ ਹੋਣ ਦੀ ਖ਼ੁਸ਼ੀ ਅਤੇ ਉਨ੍ਹਾਂ ਦੇ ਸਵਾਗਤ ਵਿੱਚ ਲੋਕਾਂ ਨੇ ਘਿਓ ਦੇ ਦੀਵੇ ਜਗਾ ਕੇ ਰੋਸ਼ਨੀ ਕੀਤੀ। ਦੀਵਾਲੀ ਦੇ ਤਿਉਹਾਰ ਦਾ ਅਸਲ ਸੰਦੇਸ਼ ਸਿਰਫ਼ ਆਪਣੇ ਘਰ ਵਿੱਚ ਚਾਨਣ ਕਰਨ ਦਾ ਨਹੀਂ, ਬਲਕਿ ਦੂਜਿਆਂ ਦੇ ਜੀਵਨ ਵਿੱਚ ਵੀ ਆਜ਼ਾਦੀ ਅਤੇ ਖ਼ੁਸ਼ੀ ਦਾ ਚਾਨਣ ਪੈਦਾ ਕਰਨ ਦਾ ਹੈ।

ਕੱਤਕ ਮਹੀਨੇ ਦੀ ਮੱਸਿਆ ਨੂੰ ਦੀਵਿਆਂ ਤੇ ਰੋਸ਼ਨੀਆਂ ਦੇ ਤਿਉਹਾਰ ਵਜੋਂ ਮਨਾਇਆ ਜਾਂਦਾ ਦੀਵਾਲੀ ਦਾ ਤਿਉਹਾਰ ਕੇਵਲ ਧਾਰਮਿਕ ਸ਼ਰਧਾ ਤੱਕ ਹੀ ਸੀਮਤ ਨਹੀਂ ਸਗੋਂ ਦੇਸ਼ ਦੀ ਏਕਤਾ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਖ਼ੁਸ਼ੀ ਦਾ ਪ੍ਰਗਟਾਵਾ ਕਰਨ ਲਈ ਰੋਸ਼ਨੀਆਂ ਕਰਕੇ ਮਨਾਏ ਜਾਣ ਵਾਲਾ ਇਹ ਤਿਉਹਾਰ ਹੁਣ ਮਠਿਆਈਆਂ, ਸੁੱਕੇ ਮੇਵੇ ਤੇ ਤੋਹਫ਼ੇ ਵੰਡਣ, ਪਟਾਕੇ ਚਲਾ ਕੇ ਵਾਤਾਵਰਨ ਨੂੰ ਦੂਸ਼ਿਤ ਕਰਨ ਅਤੇ ਦਿਖਾਵਿਆਂ ਵਾਲਾ ਤਿਉਹਾਰ ਬਣ ਕੇ ਰਹਿ ਗਿਆ ਹੈ। ਪਿਛਲੇ ਕੁਝ ਸਾਲਾਂ ਤੋਂ ਦੀਵਾਲੀ ਦੇ ਤਿਉਹਾਰ ਦਾ ਸਰੂਪ ਵੀ ਤੇਜ਼ੀ ਨਾਲ ਬਦਲ ਰਿਹਾ ਹੈ। ਸਮੇਂ ਦੀ ਚਾਲ ਨੇ ਹੋਰਨਾਂ ਤਿਉਹਾਰਾਂ ਵਾਂਗ ਹੀ ਇਸ ਤਿਉਹਾਰ ਨੂੰ ਵੀ ਵੱਡੇ ਪੱਧਰ ’ਤੇ ਖ਼ਰੀਦਦਾਰੀ ਅਤੇ ਦਿਖਾਵੇ ਨਾਲ ਜੋੜ ਦਿੱਤਾ ਹੈ। ਮਹਿੰਗੇ ਕੱਪੜੇ, ਸਜਾਵਟ, ਤੋਹਫ਼ੇ ਅਤੇ ਪਟਾਕੇ ਤਿਉਹਾਰ ਦੀ ਖ਼ੁਸ਼ੀ ਦਾ ਮਾਪਦੰਡ ਬਣਦੇ ਜਾ ਰਹੇ ਹਨ।

ਦੀਵੇ, ਲੜੀਆਂ, ਲਾਟੂ ਤੇ ਹੋਰ ਰੋਸ਼ਨੀਆਂ ਸਾਨੂੰ ਬਾਹਰੀ ਚਾਨਣ ਦਾ ਅਹਿਸਾਸ ਤਾਂ ਕਰਵਾਉਂਦੀਆਂ ਹਨ, ਪਰ ਦਿਲਾਂ ਦੇ ਅੰਦਰ ਚਾਨਣ ਕਰਨ ਲਈ ਵੀ ਉਪਰਾਲੇ ਕਰਨ ਦੀ ਅੱਜ ਵੱਡੀ ਲੋੜ ਹੈ। ਅੱਜ ਸਾਨੂੰ ਆਪਣੇ ਅੰਦਰਲਾ ਹਨੇਰਾ ਦੂਰ ਕਰਨ ਲਈ ਦਿਲ ਤੇ ਦਿਮਾਗ਼ ਰੋਸ਼ਨ ਕਰਨ ਦੇ ਯਤਨ ਕਰਨੇ ਚਾਹੀਦੇ ਹਨ। ਅੱਜ ਘਰਾਂ ਵਿੱਚ ਦੀਵੇ ਜਗਾਉਣ ਤੋਂ ਇਲਾਵਾ ਮਨੁੱਖੀ ਦਿਲਾਂ ਵਿੱਚ ਪਿਆਰ, ਸਹਿਣਸ਼ੀਲਤਾ ਅਤੇ ਭਾਈਚਾਰੇ ਦੇ ਦੀਵੇ ਜਗਾਉਣ ਦੀ ਵੱਡੀ ਲੋੜ ਹੈ। ਨਫ਼ਰਤ, ਈਰਖਾ, ਲਾਲਚ, ਹੰਕਾਰ, ਧੋਖਾ, ਭ੍ਰਿਸ਼ਟਾਚਾਰ ਅਤੇ ਹਿੰਸਾ ਦੇ ਹਨੇਰੇ ਨੂੰ ਦੂਰ ਕੀਤੇ ਬਿਨਾਂ ਬਨੇਰਿਆਂ ’ਤੇ ਦੀਵੇ, ਲੜੀਆਂ ਤੇ ਲਾਟੂ ਜਗਾ ਕੇ ਕੀਤੀ ਰੋਸ਼ਨੀ ਦੀ ਕੋਈ ਸਾਰਥਿਕਤਾ ਨਹੀਂ।

ਦੀਵਾਲੀ ਮਨਾਉਣ ਦਾ ਜਿਹੜਾ ਢੰਗ ਹੁਣ ਅਸੀਂ ਅਪਣਾਇਆ ਹੋਇਆ ਹੈ, ਇਸ ਦੌਰ ਵਿੱਚ ਵਾਤਾਵਰਨ ਪ੍ਰਤੀ ਸਾਡੀ ਜ਼ਿੰਮੇਵਾਰੀ ਹੋਰ ਵੀ ਵਧ ਗਈ ਹੈ। ਪਟਾਕਿਆਂ ਦਾ ਸ਼ੋਰ ਅਤੇ ਧੂੰਆਂ ਸਿਰਫ਼ ਵਾਤਾਵਰਨ ਨੂੰ ਹੀ ਪ੍ਰਭਾਵਿਤ ਨਹੀਂ ਕਰਦਾ ਸਗੋਂ ਬਜ਼ੁਰਗਾਂ, ਬੱਚਿਆਂ, ਬਿਮਾਰ ਵਿਅਕਤੀਆਂ ਅਤੇ ਪਸ਼ੂ-ਪੰਛੀਆਂ ਲਈ ਵੀ ਮੁਸ਼ਕਿਲਾਂ ਪੈਦਾ ਕਰ ਰਿਹਾ ਹੈ। ਇਸ ਲਈ ਖ਼ੁਸ਼ੀ ਮਨਾਉਣ ਦੇ ਅਜਿਹੇ ਢੰਗ ਅਪਣਾਉਣੇ ਚਾਹੀਦੇ ਹਨ ਜਿਨ੍ਹਾਂ ਨਾਲ ਸਾਡੀ ਖ਼ੁਸ਼ੀ ਦੂਜੇ ਮਨੁੱਖਾਂ, ਜੀਵ ਜੰਤੂਆਂ, ਪਸ਼ੂ ਪੰਛੀਆਂ ਅਤੇ ਕੁਦਰਤ ਲਈ ਮਾਰੂ ਨਾ ਬਣੇ। ਮਿੱਟੀ ਦੇ ਦੀਵੇ ਜਗਾ ਕੇ ਸਾਦਗੀ ਨਾਲ ਇਹ ਤਿਉਹਾਰ ਮਨਾਉਣਾ ਸਾਡੇ ਧਰਮ ਤੇ ਸੱਭਿਆਚਾਰ ਦਾ ਹਿੱਸਾ ਰਿਹਾ ਹੈ ਅਤੇ ਅਜੋਕੇ ਸਮੇਂ ਇਹ ਸਾਡੀ ਵੱਡੀ ਸਮਾਜਿਕ ਜ਼ਿੰਮੇਵਾਰੀ ਵੀ ਹੈ।

ਅੱਜ ਜਦੋਂ ਸਮਾਜ ਵਿੱਚ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਵੰਡ ਦੀਆਂ ਲਕੀਰਾਂ ਗਹਿਰੀਆਂ ਹੁੰਦੀਆਂ ਜਾ ਰਹੀਆਂ ਹਨ। ਅਜਿਹੇ ਸਮੇਂ ਤਿਉਹਾਰਾਂ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ। ਤਿਉਹਾਰ ਮਨੁੱਖ ਨੂੰ ਇੱਕ-ਦੂਜੇ ਦੇ ਨੇੜੇ ਲਿਆਉਣ ਵਿੱਚ ਸਹਾਈ ਹੁੰਦੇ ਹਨ। ਦੀਵਾਲੀ ਦਾ ਚਾਨਣ ਕਿਸੇ ਇੱਕ ਘਰ, ਇੱਕ ਭਾਈਚਾਰੇ ਜਾਂ ਇੱਕ ਧਰਮ ਤੱਕ ਸੀਮਤ ਨਹੀਂ ਹੋਣਾ ਚਾਹੀਦਾ ਸਗੋਂ ਇਹ ਚਾਨਣ ਸਮੁੱਚੀ ਮਨੁੱਖਤਾ ਦਾ ਚਾਨਣ ਬਣੇ ਅਤੇ ਹਰ ਧਰਮ ਤੇ ਸਮਾਜ ਦੇ ਲੋਕਾਂ ਨੂੰ ਇੱਕ ਲੜੀ ਵਿੱਚ ਪਰੋ ਕੇ ਰੱਖੇ ਤਾਂ ਹੀ ਇਹ ਤਿਉਹਾਰ ਵਧੇਰੇ ਸਾਰਥਿਕ ਹੋ ਸਕੇਗਾ।

ਦਰਅਸਲ, ਦੀਵਾਲੀ ਦੇ ਤਿਉਹਾਰ ਨੂੰ ਇੱਕ ਦਿਨ ਦੀਵੇ ਜਗਾ ਕੇ ਚਾਨਣ ਕਰਨ ਦਾ ਤਿਉਹਾਰ ਨਹੀਂ ਸਮਝਣਾ ਚਾਹੀਦਾ ਸਗੋਂ ਇੱਕ ਅਜਿਹਾ ਵਿਚਾਰ ਹੈ ਜੋ ਸਾਨੂੰ ਦੱਸਦਾ ਹੈ ਕਿ ਹਨੇਰਾ ਚਾਹੇ ਕਿੰਨਾ ਵੀ ਗਹਿਰਾ ਹੋਵੇ, ਇੱਕ ਛੋਟਾ ਜਿਹਾ ਦੀਵਾ ਉਸ ਨੂੰ ਚੁਣੌਤੀ ਦੇ ਸਕਦਾ ਹੈ। ਇਸੇ ਤਰ੍ਹਾਂ ਇੱਕ ਚੰਗਾ ਵਿਚਾਰ, ਇੱਕ ਚੰਗਾ ਬੋਲ, ਇੱਕ ਨੇਕ ਕੰਮ ਅਤੇ ਇੱਕ ਸੱਚਾ ਮਨੁੱਖੀ ਰਿਸ਼ਤਾ ਕਿਸੇ ਦੀ ਔਕੜ ਤੇ ਚੁਣੌਤੀ ਦੇ ਹਨੇਰੇ ਸਮੇਂ ਦੌਰਾਨ ਜ਼ਿੰਦਗੀ ਵਿੱਚ ਚਾਨਣ ਕਰ ਸਕਦਾ ਹੈ।

ਆਓ, ਇਸ ਦੀਵਾਲੀ ਆਪਣੇ ਘਰਾਂ ਦੇ ਨਾਲ-ਨਾਲ ਦਿਲਾਂ ਨੂੰ ਵੀ ਰੋਸ਼ਨ ਕਰੀਏ। ਨਫ਼ਰਤ ਦੀ ਥਾਂ ਪਿਆਰ, ਵੈਰ ਦੀ ਥਾਂ ਭਾਈਚਾਰਾ, ਹੰਕਾਰ ਦੀ ਥਾਂ ਨਿਮਰਤਾ ਅਤੇ ਸਵਾਰਥ ਦੀ ਥਾਂ ਸੇਵਾ ਦਾ ਦੀਵਾ ਜਗਾਈਏ। ਦੀਵਾਲੀ ਦੀ ਅਸਲ ਰੋਸ਼ਨੀ ਬਿਜਲੀ ਦੇ ਲਾਟੂਆਂ, ਲੜੀਆਂ ਤੇ ਦੀਵਿਆਂ ਵਿੱਚ ਨਹੀਂ, ਸਗੋਂ ਉਸ ਦਿਲ ਵਿੱਚ ਹੁੰਦੀ ਹੈ ਜੋ ਦੂਜਿਆਂ ਦੇ ਹਨੇਰੇ ਨੂੰ ਦੂਰ ਕਰਨ ਲਈ ਖ਼ੁਦ ਜਗਦਾ ਹੋਇਆ ਸੇਕ ਵੀ ਸਹਾਰਦਾ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਅੰਮ੍ਰਿਤਸਰ ’ਚ ਕੌਮਾਂਤਰੀ ਡਰੱਗ ਨੈੱਟਵਰਕ ਦਾ ਪਰਦਾਫਾਸ਼, 36 ਕਿਲੋ ਹੈਰੋਇਨ ਬਰਾਮਦ, ਨਾਬਾਲਗ ਸਣੇ 4 ਗ੍ਰਿਫ਼ਤਾਰਪੜ੍ਹੋ →
ਆਮ ਆਦਮੀ ਪਾਰਟੀ ਦੇ ਹੁਸ਼ਿਆਰਪੁਰ ਤੋਂ ਕੁਲਜੀਤ ਸਿੰਘ ਬਜਵਾੜਾ ਨੇ ਦਿੱਤਾ ਅਸਤੀਫ਼ਾਪੜ੍ਹੋ →
ਕੈਨੇਡਾ ਦਾ ਵੀਜ਼ਾ ਦਿਵਾਉਣ ਦੇ ਨਾਂ ’ਤੇ ਵੱਡੀ ਠੱਗੀ, ਪਿਓ-ਪੁੱਤ ਖ਼ਿਲਾਫ਼ ਕੇਸ ਦਰਜਪੜ੍ਹੋ →
ਪੀ.ਜੀ.ਆਈ. ਵਿਖੇ ਪਰਵਿੰਦਰ ਝੋਟਾ ਦਾ ਪੋਸਟਮਾਰਟਮ ਕੀਤਾ ਗਿਆਪੜ੍ਹੋ →
ਪੰਜਾਬ ‘ਚ ਮੌਜੂਦਾ ਸਰਪੰਚ ਦੀ ਗੋਲੀ ਲੱਗਣ ਕਾਰਨ ਹੋਈ ਮੌਤਪੜ੍ਹੋ →
ਥਾਣਾ ਘੱਲ ਖੁਰਦ ’ਚ ਦੋ ਮੋਟਰਸਾਈਕਲਾਂ ਦੀ ਹੋਈ ਆਹਮੋ-ਸਾਹਮਣੇ ਟੱਕਰ, 1 ਵਿਅਕਤੀ ਦੀ ਹੋਈ ਮੌਤਪੜ੍ਹੋ →