ਹਰਿਆਣਾ ‘ਚ ਪਰਾਲੀ ਸਾੜਨ ਦੇ 9 ਨਵੇਂ ਮਾਮਲੇ, ਕੁੱਲ ਗਿਣਤੀ 89

ਚੰਡੀਗੜ੍ਹ: ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐਨ.ਸੀ.ਆਰ.) ਵਿੱਚ ਵੱਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਪਰਾਲੀ ਸਾੜਨ ਵਾਲਿਆਂ ਖ਼ਿਲਾਫ਼ ਕਾਰਵਾਈ ਤੇਜ਼ ਕਰ ਦਿੱਤੀ ਹੈ। ਸੂਬੇ ਵਿੱਚ ਪਰਾਲੀ ਸਾੜਨ ਦੇ 9 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਕੇਸਾਂ ਦੀ ਕੁੱਲ ਗਿਣਤੀ 89 ਹੋ ਗਈ ਹੈ।
ਕਿਸਾਨਾਂ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ ਵਿੱਚ 45 ਨੋਡਲ ਅਫ਼ਸਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਤਿੰਨ ਕਿਸਾਨਾਂ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਚਾਰ ਕਿਸਾਨਾਂ ਦੇ ਮਾਲ ਰਿਕਾਰਡ ਵਿੱਚ ਰੈੱਡ ਐਂਟਰੀ ਕੀਤੀ ਗਈ ਹੈ। ਬੀਤੇ ਦਿਨ ਕੈਥਲ ਵਿੱਚ ਪਰਾਲੀ ਸਾੜਨ ਦੇ ਚਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਗੂਹਲਾ ਅਤੇ ਰਾਜੌਂਦ ਇਲਾਕੇ ਦੇ ਹਨ। ਇਸ ਤੋਂ ਇਲਾਵਾ ਫਤਿਹਾਬਾਦ ਦੇ ਜਾਖਲ, ਕਰਨਾਲ ਦੇ ਨਿ ਸਿੰਗ, ਕੁਰੂਕਸ਼ੇਤਰ ਦੇ ਪਿਹੋਵਾ, ਯਮੁਨਾਨਗਰ ਦੇ ਸਿਰਸਾ ਅਤੇ ਜਗਾਧਰੀ ‘ਚ ਇਕ-ਇਕ ਮਾਮਲਾ ਦਰਜ ਕੀਤਾ ਗਿਆ ਹੈ।
ਵਿਭਾਗ ਅਨੁਸਾਰ ਹੁਣ ਤੱਕ ਪਰਾਲੀ ਸਾੜਨ ਦੇ 77 ਮਾਮਲਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਿੱਚੋਂ 41 ਥਾਵਾਂ ’ਤੇ ਪਰਾਲੀ ਸਾੜਨ ਦੀ ਪੁਸ਼ਟੀ ਹੋਈ ਹੈ। ਕੁੱਲ 32 ਕਿਸਾਨਾਂ ਨੂੰ 1.95 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ, ਜਿਸ ਵਿੱਚੋਂ 1.40 ਲੱਖ ਰੁਪਏ ਦੀ ਵਸੂਲੀ ਕੀਤੀ ਗਈ ਹੈ। ਹੁਣ ਤੱਕ 24 ਕਿਸਾਨਾਂ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਜਾ ਚੁੱਕੀ ਹੈ, ਜਦਕਿ 11 ਕਿਸਾਨਾਂ ਦੇ ਮਾਲ ਰਿਕਾਰਡ ਵਿੱਚ ਲਾਲ ਐਂਟਰੀਆਂ ਕੀਤੀਆਂ ਗਈਆਂ ਹਨ।
ਵਿਭਾਗ ਅਨੁਸਾਰ ਕੁਰੂਕਸ਼ੇਤਰ ਵਿੱਚ 15 ਅਤੇ ਕੈਥਲ ਵਿੱਚ ਅੱਠ ਨੋਡਲ ਅਫ਼ਸਰਾਂ ਨੂੰ ਨੋਟਿਸ ਦਿੱਤੇ ਗਏ ਹਨ। ਅੰਬਾਲਾ, ਹਾਂਸੀ ਅਤੇ ਜੀਂਦ ਵਿੱਚ ਚਾਰ-ਚਾਰ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਹਿਸਾਰ, ਕਰਨਾਲ, ਰੋਹਤਕ ਅਤੇ ਯਮੁਨਾਨਗਰ ਦੇ ਦੋ-ਦੋ ਨੋਡਲ ਅਫਸਰਾਂ ਤੋਂ ਵੀ ਜਵਾਬ ਮੰਗੇ ਗਏ ਹਨ।
