ਇੱਕੀਸ’ ਦਾ ਹਿੱਸਾ ਬਣਨ ਦਾ ਮਾਣ: ਅਗਸਤਿਆ ਨੰਦਾ
ਅਦਾਕਾਰ ਅਗਸਤਿਆ ਨੰਦਾ ਦਾ ਕਹਿਣਾ ਹੈ ਕਿ ਭਾਵੇਂ ਉਨ੍ਹਾਂ ਦੀ 2025 ਵਿੱਚ ਆਈ ਫਿਲਮ ‘ਇੱਕੀਸ’ ਨੇ ਵਪਾਰਕ ਤੌਰ ‘ਤੇ ਬਹੁਤ ਵਧੀਆ ਪ੍ਰਦਰਸ਼ਨ ਨਾ ਕੀਤਾ ਹੋਵੇ ਪਰ ਉਨ੍ਹਾਂ ਨੂੰ ਅਜਿਹੀ ਜੰਗੀ ਫਿਲਮ ਦਾ ਹਿੱਸਾ ਹੋਣ ’ਤੇ ਮਾਣ ਹੈ, ਜਿਸ ਨੇ ਸ਼ਾਂਤੀ ਦੀ ਮਹੱਤਤਾ ਬਾਰੇ ਗੱਲ ਕੀਤੀ। ਸ੍ਰੀਰਾਮ ਰਾਘਵਨ ਦੁਆਰਾ ਨਿਰਦੇਸ਼ਿਤ ਇਹ ਫਿਲਮ ਅਰੁਣ ਖੇਤਰਪਾਲ (ਨੰਦਾ) ਦੀ ਕਹਾਣੀ ਹੈ, ਜੋ ਸੈਕਿੰਡ ਲੈਫਟੀਨੈਂਟ ਸਨ ਅਤੇ 1971 ਦੀ ਭਾਰਤ-ਪਾਕਿ ਜੰਗ ਦੌਰਾਨ ‘ਬਸੰਤਰ ਦੀ ਲੜਾਈ’ ਵਿੱਚ 21 ਸਾਲ ਦੀ ਉਮਰ ਵਿੱਚ ਸ਼ਹੀਦ ਹੋ ਗਏ ਸਨ। ਅਦਾਕਾਰ ਨੇ ਇਥੇ ਇੰਟਰਵਿਊ ਵਿੱਚ ਕਿਹਾ, ‘‘ਮੈਨੂੰ ਫਿਲਮ ’ਤੇ ਬਹੁਤ ਮਾਣ ਹੈ। ਕਿਸੇ ਫਿਲਮ ਦਾ ਨਤੀਜਾ ਪੂਰੀ ਤਰ੍ਹਾਂ ਉਸ ਦੇ ਅਦਾਕਾਰਾਂ ਜਾਂ ਨਿਰਮਾਤਾਵਾਂ ਦੇ ਹੱਥ ਵਿੱਚ ਨਹੀਂ ਹੁੰਦਾ, ਜਿਨ੍ਹਾਂ ਦਾ ਮੁੱਖ ਟੀਚਾ ਸਿਰਜਣਾਤਮਕ ਤੌਰ ‘ਤੇ ਆਪਣਾ ਸਰਵੋਤਮ ਦੇਣਾ ਅਤੇ ਚੰਗੇ ਨਤੀਜੇ ਦੀ ਉਮੀਦ ਕਰਨਾ ਹੁੰਦਾ ਹੈ। ਇਸ ਲਈ ਅਸੀਂ ਆਪਣਾ ਕੰਮ ਕਰਦੇ ਹਾਂ ਅਤੇ ਬਾਕੀ ਸਭ ਕੁਝ ਦਰਸ਼ਕਾਂ ‘ਤੇ ਛੱਡ ਦਿੰਦੇ ਹਾਂ।’’ ਜਦੋਂ ਇਹ ਪੁੱਛਿਆ ਗਿਆ ਕਿ ਕੀ ‘ਇੱਕੀਸ’ ਦੇ ਵਪਾਰਕ ਪ੍ਰਦਰਸ਼ਨ ਦਾ ਅਸਰ ਫਿਲਮ ਦੇ ਕਲਾਕਾਰਾਂ ਦੇ ਕਰੀਅਰ ‘ਤੇ ਪੈ ਸਕਦਾ ਹੈ, ਖਾਸ ਕਰਕੇ ਅਜਿਹੇ ਸਮੇਂ ਵਿੱਚ ਜਦੋਂ ਫ਼ਿਲਮ ਉਦਯੋਗ ਵਿੱਚ ਸਫਲਤਾ ਨੂੰ ਮਾਪਣ ਲਈ ਬਾਕਸ-ਆਫਿਸ ਦੇ ਅੰਕੜੇ ਹੀ ਮੁੱਖ ਪੈਮਾਨਾ ਹਨ ਤਾਂ ਨੰਦਾ ਨੇ ਕਿਹਾ ਕਿ ਫ਼ਿਲਮ ਕਾਰੋਬਾਰ ਦੀ ਆਰਥਿਕ ਹਕੀਕਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ‘ਇੱਕੀਸ’ ਤੋਂ ਬਾਅਦ ਉਨ੍ਹਾਂ ਨੇ ਕੋਈ ਨਵੀਂ ਫਿਲਮ ਸਾਈਨ ਨਹੀਂ ਕੀਤੀ ਹੈ ਪਰ ਉਹ ਵੱਡੇ ਬਜਟ ਵਾਲੀਆਂ ਫਿਲਮਾਂ ਵਿੱਚ ਕੰਮ ਕਰਨ ਦੇ ਇੱਛੁੱਕ ਹਨ ਅਤੇ ਮੰਨਦੇ ਹਨ ਕਿ ਅਜਿਹੇ ਮੌਕੇ ਆਪਣੀ ਮਿਹਨਤ ਨਾਲ ਹਾਸਲ ਕਰਨੇ ਪੈਂਦੇ ਹਨ।
