ਬੇਰਹਿਮੀ ਨਾਲ 30-32 ਸਾਲਾ ਔਰਤ ਦਾ ਕਤਲ

ਭਵਾਨੀਗੜ੍ਹ: ਪਿੰਡ ਅਲੌੜ ਨੇੜੇ ਸੂਏ (ਰਜਵਾਹੇ) ਕੋਲ ਅੱਜ ਸਵੇਰੇ ਇਕ 30-32 ਸਾਲਾ ਔਰਤ ਦੀ ਲਾਸ਼ ਮਿਲੀ। ਮ੍ਰਿਤਕਾ ਦੀ ਪਛਾਣ ਮਨਪ੍ਰੀਤ ਕੌਰ ਪੁੱਤਰੀ ਹੇਮਰਾਜ ਵਾਸੀ ਪਿੰਡ ਮਾਝੀ ਵਜੋਂ ਹੋਈ ਹੈ। ਮਨਪ੍ਰੀਤ ਕੌਰ ਦਾ ਉਸ ਦੇ ਹੀ ਪਿੰਡ ਦੇ ਇੱਕ ਨੌਜਵਾਨ ਵੱਲੋਂ ਕਥਿਤ ਤੌਰ ’ਤੇ ਚੁੰਨੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਕਤਲ ਦੇ ਦੋਸ਼ ਵਿੱਚ ਨਾਮਜ਼ਦ ਨੌਜਵਾਨ ਦੀ ਪਛਾਣ ਗਗਨਦੀਪ ਸਿੰਘ (25) ਪੁੱਤਰ ਲਾਲ ਸਿੰਘ ਵਾਸੀ ਪਿੰਡ ਮਾਝੀ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਸਤਨਾਮ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਕੌਰ ਨਾਭਾ ਰੋਡ ’ਤੇ ਸਥਿਤ ਇੱਕ ਫੈਕਟਰੀ ਵਿੱਚ ਕੰਮ ਕਰਦੀ ਸੀ। ਬੀਤੀ ਸ਼ਾਮ ਡਿਊਟੀ ਖਤਮ ਹੋਣ ਤੋਂ ਬਾਅਦ ਜਦੋਂ ਉਹ ਘਰ ਨਹੀਂ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਨੇ ਸਾਰੀ ਰਾਤ ਉਸ ਦੀ ਭਾਲ ਕੀਤੀ। ਸਵੇਰੇ ਪਿੰਡ ਦੇ ਸਰਪੰਚ ਨੂੰ ਲੜਕੀ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਸਰਪੰਚ ਨੇ ਪੁਲਿਸ ਨੂੰ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਰਾਹਗੀਰਾਂ ਨੇ ਪਿੰਡ ਅਲੌੜ ਦੇ ਸੂਏ ਕੋਲ ਇੱਕ ਔਰਤ ਦੀ ਲਾਸ਼ ਪਈ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਉਸ ਦੀ ਸ਼ਨਾਖਤ ਕੀਤੀ ਤਾਂ ਪਤਾ ਲੱਗਾ ਕਿ ਇਹ ਮਨਪ੍ਰੀਤ ਕੌਰ ਦੀ ਹੈ, ਜੋ ਦੇਰ ਸ਼ਾਮ ਤੋਂ ਲਾਪਤਾ ਸੀ।
ਡੀ.ਐਸ.ਪੀ. ਸਤਨਾਮ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਨਪ੍ਰੀਤ ਕੌਰ ਦਾ ਵਿਆਹ ਪਿੰਡ ਮਾਣਕ ਮਾਜਰਾ ਵਿੱਚ ਹੋਇਆ ਸੀ ਪਰ ਪਤੀ ਦੀ ਮੌਤ ਤੋਂ ਬਾਅਦ ਉਹ ਆਪਣੇ ਨਾਨਕੇ ਪਿੰਡ ਮਾਝੀ ਵਿੱਚ ਰਹਿਣ ਲੱਗ ਪਈ ਸੀ। ਬੀਤੀ ਸ਼ਾਮ ਜਦੋਂ ਉਹ ਆਪਣੀ ਡਿਊਟੀ ਖਤਮ ਕਰਕੇ ਆਪਣੇ ਹੀ ਪਿੰਡ ਦੇ ਰਹਿਣ ਵਾਲੇ ਗਗਨਦੀਪ ਸਿੰਘ ਨਾਲ ਕਥਿਤ ਤੌਰ ‘ਤੇ ਫੈਕਟਰੀ ਤੋਂ ਨਿਕਲੀ ਤਾਂ ਰਸਤੇ ‘ਚ ਪਿੰਡ ਅਲੌੜ ਦੇ ਸੂਏ ਕੋਲ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ। ਇਸ ਦੌਰਾਨ ਨੌਜਵਾਨ ਨੇ ਕਥਿਤ ਤੌਰ ‘ਤੇ ਆਪਣੇ ਹੀ ਸਕਾਰਫ਼ ਨਾਲ ਔਰਤ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਡੀ.ਐਸ.ਪੀ. ਸਤਨਾਮ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ ਅਤੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ ‘ਤੇ ਉਸ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
