ਜਿਆਣੀ ਦੀ ਕਥਿਤ ਟਿੱਪਣੀ ਦਾ ਅਰੋੜਵੰਸ਼ ਭਾਈਚਾਰੇ ਵੱਲੋਂ ਵਿਰੋਧ, ਅਬੋਹਰ ’ਚ ਗਰਮਾਇਆ ਮਾਹੌਲ
ਅਬੋਹਰ: ਭਾਰਤੀ ਜਨਤਾ ਪਾਰਟੀ ਵੱਲੋਂ ਕੱਢੀ ਗਈ ‘ਨਸ਼ਾ ਮੁਕਤ ਪੰਜਾਬ’ ਯਾਤਰਾ ਦੌਰਾਨ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਵੱਲੋਂ ਕਥਿਤ ਤੌਰ ’ਤੇ ਵਰਤੀ ਗਈ ਸ਼ਬਦਾਵਲੀ ਨੂੰ ਲੈ ਕੇ ਅਬੋਹਰ ਵਿੱਚ ਸਿਆਸੀ ਮਾਹੌਲ ਗਰਮਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਅਰੋੜਵੰਸ਼ ਭਵਨ ਵਿਖੇ ਅਰੋੜਵੰਸ਼ ਭਾਈਚਾਰੇ ਦੀ ਇਕੱਤਰਤਾ ਕੀਤੀ, ਜਿਸ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਸ਼ਿਵ ਲਾਲ ਡੋਡਾ ਅਤੇ ਅਬੋਹਰ ਹਲਕਾ ਇੰਚਾਰਜ ਡਾ. ਸੁਹਾਣੀ ਡੋਡਾ ਵੀ ਸ਼ਾਮਲ ਹੋਏ। ਇਸ ਮੌਕੇ ਭਾਈਚਾਰੇ ਦੇ ਨੁਮਾਇੰਦਿਆਂ ਨੇ ਜਿਆਣੀ ਵੱਲੋਂ ਯਾਤਰਾ ਦੌਰਾਨ ਕੀਤੀ ਗਈ ਕਥਿਤ ਬਿਆਨਬਾਜ਼ੀ ਅਤੇ ਵਰਤੀ ਗਈ ਸ਼ਬਦਾਵਲੀ ’ਤੇ ਇਤਰਾਜ਼ ਪ੍ਰਗਟ ਕੀਤਾ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸਿਆਸੀ ਵਿਚਾਰਾਂ ਵਿੱਚ ਵੱਖਰਾਪਣ ਹੋਣਾ ਸੁਭਾਵਿਕ ਹੈ, ਪਰ ਸਿਆਸੀ ਵਿਰੋਧ ਨੂੰ ਨਿੱਜੀ ਜਾਂ ਭਾਈਚਾਰਕ ਪੱਧਰ ’ਤੇ ਲਿਜਾਣ ਦੀ ਬਜਾਏ ਮੁੱਦਿਆਂ ਤੱਕ ਸੀਮਤ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਬੋਹਰ ਇਲਾਕੇ ਵਿੱਚ ਵੱਖ-ਵੱਖ ਭਾਈਚਾਰੇ ਆਪਸੀ ਭਾਈਚਾਰਕ ਸਾਂਝ ਨਾਲ ਰਹਿੰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਵਿਵਾਦਤ ਬਿਆਨਬਾਜ਼ੀ ਨਾਲ ਸਮਾਜਿਕ ਮਾਹੌਲ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ। ਸ਼ਿਵ ਲਾਲ ਡੋਡਾ ਅਤੇ ਡਾ. ਸੁਹਾਣੀ ਡੋਡਾ ਨੇ ਕਿਹਾ ਕਿ ਜਨਤਕ ਮੰਚ ’ਤੇ ਬੋਲੇ ਗਏ ਸ਼ਬਦਾਂ ਦੀ ਜ਼ਿੰਮੇਵਾਰੀ ਸਿਆਸੀ ਆਗੂਆਂ ਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੇ ਮਾਮਲਿਆਂ ਵਿੱਚ ਸੰਜਮ ਵਰਤਣਾ ਜ਼ਰੂਰੀ ਹੈ। ਇਸ ਦੌਰਾਨ ਮੌਜੂਦ ਅਰੋੜਵੰਸ਼ ਭਾਈਚਾਰੇ ਦੇ ਲੋਕਾਂ ਨੇ ਵੀ ਆਪਣਾ ਇਤਰਾਜ਼ ਦਰਜ ਕਰਵਾਉਂਦਿਆਂ ਕਿਹਾ ਕਿ ਕਿਸੇ ਵੀ ਵਰਗ ਬਾਰੇ ਅਪਮਾਨਜਨਕ ਭਾਸ਼ਾ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ।
ਸੁਰਜੀਤ ਕੁਮਾਰ ਜਿਆਣੀ ਨੇ ਆਪਣੇ ਬਿਆਨ ਦਾ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕਿਸੇ ਧੀ ਜਾਂ ਬੇਟੀ ਬਾਰੇ ਕੋਈ ਗਲਤ ਗੱਲ ਕਹਿਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਔਰਤਾਂ ਅਤੇ ਧੀਆਂ ਪ੍ਰਤੀ ਸਤਿਕਾਰ ਦੀ ਭਾਵਨਾ ਰੱਖਣਾ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ ਅਤੇ ਉਹ ਖੁਦ ਵੀ ਕਿਸੇ ਬੇਟੀ ਬਾਰੇ ਗਲਤ ਸ਼ਬਦਾਵਲੀ ਵਰਤਣ ਦੀ ਕਲਪਨਾ ਨਹੀਂ ਕਰ ਸਕਦੇ। ਜਿਆਣੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਯਾਤਰਾ ਦੌਰਾਨ ਉਨ੍ਹਾਂ ਵੱਲੋਂ ਕਹੀ ਗਈ ਗੱਲ ਨੂੰ ਜਿਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ, ਉਸ ਨੂੰ ਉਸੇ ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਆਪਣੀ ਗੱਲ ਨੂੰ ਸਪਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਨਸ਼ਾ ਕਿਸੇ ਧੀ, ਭੈਣ ਜਾਂ ਕਿਸੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਨਹੀਂ ਸੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਗੱਲ ਨੂੰ ਲੈ ਕੇ ਕਿਸੇ ਨੂੰ ਗਲਤਫਹਿਮੀ ਹੋਈ ਹੈ ਤਾਂ ਉਹ ਇਸ ਨੂੰ ਸਪਸ਼ਟ ਕਰਨਾ ਚਾਹੁੰਦੇ ਹਨ ਕਿ ਉਨ੍ਹਾਂ ਵੱਲੋਂ ਕਿਸੇ ਬੇਟੀ ਜਾਂ ਔਰਤ ਬਾਰੇ ਅਪਮਾਨਜਨਕ ਗੱਲ ਕਹਿਣ ਦੀ ਕੋਈ ਮਨਸ਼ਾ ਨਹੀਂ ਸੀ।
