ਚੱਲਦੀ ਪਾਰਟੀ 'ਚ ਘਰ 'ਚ ਵੜ ਗਏ ਬੰਦੇ, ਅੰਨ੍ਹੇਵਾਹ ਚਲਾਈਆਂ ਗੋਲੀਆਂ; ਗਰਭਵਤੀ ਮਹਿਲਾ ਸਣੇ 11 ਲੋਕਾਂ ਦੀ ਦਰਦਨਾਕ ਮੌਤ

ਦੱਖਣੀ ਅਫਰੀਕਾ ਦੇ ਪੂਰਬੀ ਬੰਦਰਗਾਹ ਸ਼ਹਿਰ ਡਰਬਨ ਤੋਂ ਇੱਕ ਬੇਹੱਦ ਭਿਆਨਕ ਅਤੇ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਡਰਬਨ ਦੇ ਇੱਕ ਟਾਊਨਸ਼ਿਪ 'ਚ ਸਥਿਤ ਘਰ 'ਚ ਕੁਝ ਹਥਿਆਰਬੰਦ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਬਾਰੀ ਕਰਕੇ 11 ਲੋਕਾਂ ਦੀ ਹੱਤਿਆ ਕਰ ਦਿੱਤੀ, ਜਦਕਿ ਇਸ ਖੂਨੀ ਹਮਲੇ 'ਚ 3 ਲੋਕ ਕਿਸੇ ਤਰ੍ਹਾਂ ਆਪਣੀ ਜਾਨ ਬਚਾਉਣ 'ਚ ਕਾਮਯਾਬ ਰਹੇ।
ਕੇਪ ਟਾਊਨ - ਦੱਖਣੀ ਅਫਰੀਕਾ ਦੇ ਪੂਰਬੀ ਬੰਦਰਗਾਹ ਸ਼ਹਿਰ ਡਰਬਨ ਤੋਂ ਇੱਕ ਬੇਹੱਦ ਭਿਆਨਕ ਅਤੇ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਡਰਬਨ ਦੇ ਇੱਕ ਟਾਊਨਸ਼ਿਪ 'ਚ ਸਥਿਤ ਘਰ 'ਚ ਕੁਝ ਹਥਿਆਰਬੰਦ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਬਾਰੀ ਕਰਕੇ 11 ਲੋਕਾਂ ਦੀ ਹੱਤਿਆ ਕਰ ਦਿੱਤੀ, ਜਦਕਿ ਇਸ ਖੂਨੀ ਹਮਲੇ 'ਚ 3 ਲੋਕ ਕਿਸੇ ਤਰ੍ਹਾਂ ਆਪਣੀ ਜਾਨ ਬਚਾਉਣ 'ਚ ਕਾਮਯਾਬ ਰਹੇ। ਦੱਸਿਆ ਜਾ ਰਿਹਾ ਹੈ ਕਿ ਇਹ ਦਰਦਨਾਕ ਘਟਨਾ ਡਰਬਨ ਦੇ ਦੱਖਣ 'ਚ ਸਥਿਤ ਕਵਾਮਾਖੁਥਾ ਟਾਊਨਸ਼ਿਪ ਦੇ ਇੱਕ ਘਰ 'ਚ ਵਾਪਰੀ। ਇਹ ਘਟਨਾ ਮੰਗਲਵਾਰ ਦੇਰ ਰਾਤ ਕਰੀਬ 11 ਵਜੇ ਤੋਂ ਠੀਕ ਪਹਿਲਾਂ ਵਾਪਰੀ, ਜਦੋਂ ਕੁਝ ਲੋਕ ਇੱਕ ਘਰ 'ਚ ਇਕੱਠੇ ਹੋਏ ਸਨ। ਇਸੇ ਦੌਰਾਨ ਅਚਾਨਕ ਹਥਿਆਰਬੰਦ ਹਮਲਾਵਰ ਉੱਥੇ ਦਾਖ਼ਲ ਹੋਏ ਅਤੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਕਵਾਜ਼ੂਲੂ-ਨਾਟਾਲ ਸੂਬੇ ਦੇ ਪ੍ਰੀਮੀਅਰ ਥਾਮਸੰਖਾ ਨਤੁਲੀ ਨੇ ਦੱਸਿਆ ਕਿ ਮਾਰੇ ਗਏ ਲੋਕਾਂ 'ਚ ਇੱਕ ਗਰਭਵਤੀ ਮਹਿਲਾ ਵੀ ਸ਼ਾਮਲ ਹੈ। ਉੱਥੇ ਹੀ ਸਥਾਨਕ ਮੀਡੀਆ ਮੁਤਾਬਕ ਹਮਲਾਵਰਾਂ ਦੀ ਕ੍ਰੂਰਤਾ ਇੱਥੇ ਹੀ ਨਹੀਂ ਰੁਕੀ। ਹਮਲਾਵਰਾਂ ਨੇ ਘਰ 'ਚ ਮੌਜੂਦ ਸਾਰੇ ਲੋਕਾਂ ਨੂੰ ਜ਼ਬਰਦਸਤੀ ਇੱਕ ਕਮਰੇ 'ਚ ਬੰਦ ਕਰ ਦਿੱਤਾ ਅਤੇ ਫਿਰ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ। ਇਸ ਤੋਂ ਬਾਅਦ ਉਨ੍ਹਾਂ ਨੇ ਪੀੜਤਾਂ 'ਚੋਂ ਇੱਕ ਦੀ ਕਾਰ ਨੂੰ ਵੀ ਅੱਗ ਲਗਾ ਦਿੱਤੀ।
ਮਿਲੀ ਜਾਣਕਾਰੀ ਮੁਤਾਬਕ ਇਸ ਭਿਆਨਕ ਹਮਲੇ 'ਚ ਤਿੰਨ ਲੋਕ ਕਿਸੇ ਤਰ੍ਹਾਂ ਜ਼ਿੰਦਾ ਬਚਣ 'ਚ ਕਾਮਯਾਬ ਰਹੇ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉੱਥੇ ਹੀ ਕਾਰਜਕਾਰੀ ਪੁਲਿਸ ਮੁਖੀ ਪੁਲੈਂਗ ਡਿਮਪਨੇ ਨੇ ਅਪਰਾਧੀਆਂ ਨੂੰ ਫੜਨ ਲਈ 72 ਘੰਟਿਆਂ ਦਾ ਵਿਸ਼ੇਸ਼ ਅਭਿਆਨ ਸ਼ੁਰੂ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੁਝ ਠੋਸ ਸੁਰਾਗ ਮਿਲੇ ਹਨ ਅਤੇ ਇਨ੍ਹਾਂ ਦੇ ਆਧਾਰ ’ਤੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।
