ਇੱਕ ਮਿਸਾਲੀ ਅਫ਼ਸਰ ਅਤੇ ਸਿੱਖਿਆ ਸ਼ਾਸਤਰੀ ਸਨ ਗੁਰਦੇਵ ਸਿੰਘ ਬਰਾੜ
ਗੁਰਦੇਵ ਸਿੰਘ ਬਰਾੜ ਸਮਾਜ ਦੇ ਪਛੜੇ ਵਰਗਾਂ, ਖ਼ਾਸ ਕਰਕੇ ਸਿੱਖਿਆ ਦੇ ਪਸਾਰ ਲਈ ਉਮਰ ਭਰ ਸਮਰਪਿਤ ਰਹੇ ਇੱਕ ਉੱਘੇ ਆਈ ਏ ਐੱਸ ਅਫ਼ਸਰ ਸਨ। ਉਨ੍ਹਾਂ ਨੂੰ ਮੈਂ ਪਹਿਲੀ ਵਾਰ ਫ਼ਰਵਰੀ 2023 ਵਿੱਚ ਮਿਲਿਆ ਸੀ।
ਮੈਨੂੰ ਗੁਰੂ ਗੋਬਿੰਦ ਸਿੰਘ ਕਾਲਜ ਫ਼ਾਰ ਵਿਮੈਨ, ਚੰਡੀਗੜ੍ਹ ਵੱਲੋਂ ਕਰਵਾਏ ਗਏ ਇੱਕ ਕੌਮਾਂਤਰੀ ਅਰਥ ਸ਼ਾਸਤਰ ਸੰਮੇਲਨ ਵਿੱਚ ਮੁੱਖ ਭਾਸ਼ਣ ਦੇਣ ਦਾ ਸੱਦਾ ਆਇਆ ਸੀ। ਸ੍ਰੀ ਬਰਾੜ ਇਸ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸਨ। ਜਦੋਂ ਉਹ ਪ੍ਰਿੰਸੀਪਲ ਦੇ ਕਮਰੇ ਵਿੱਚ ਦਾਖ਼ਲ ਹੋਏ (ਜਿੱਥੇ ਮੈਂ ਉਨ੍ਹਾਂ ਦੀ ਉਡੀਕ ਕਰ ਰਿਹਾ ਸਾਂ), ਤਾਂ ਉਨ੍ਹਾਂ ਦੇ ਮੂੰਹੋਂ ਸਭ ਤੋਂ ਪਹਿਲਾਂ ਇਹ ਸ਼ਬਦ ਨਿਕਲੇ: “ਮੈਂ ‘ਦਿ ਟ੍ਰਿਬਿਊਨ’ ਅਤੇ ‘ਪੰਜਾਬੀ ਟ੍ਰਿਬਿਊਨ’ ਵਿੱਚ ਤੁਹਾਡਾ ਲਿਖਿਆ ਹਰ ਲੇਖ ਪੜ੍ਹਦਾ ਹਾਂ।” ਉਸ ਸਮੇਂ ਉਨ੍ਹਾਂ ਦੀ ਉਮਰ 92 ਸਾਲ ਸੀ। ਉਨ੍ਹਾਂ ਦੇ ਇਸ ਵਡੱਪਣ ਨੇ ਮੈਨੂੰ ਨਿਮਰ ਕਰ ਦਿੱਤਾ ਅਤੇ ਮੈਂ ਇਸ ਗੱਲੋਂ ਬਹੁਤ ਪ੍ਰਭਾਵਿਤ ਹੋਇਆ ਕਿ ਇਸ ਉਮਰ ਵਿੱਚ ਵੀ ਉਹ ਬੌਧਿਕ ਤੌਰ ’ਤੇ ਕਿੰਨੇ ਸਰਗਰਮ ਅਤੇ ਸੁਚੇਤ ਜੀਵਨ ਬਤੀਤ ਕਰ ਰਹੇ ਹਨ।
ਮੈਂ ਉਨ੍ਹਾਂ ਬਾਰੇ ਪਹਿਲਾਂ ਵੀ ਸੁਣਿਆ ਅਤੇ ਪੜ੍ਹਿਆ ਹੋਇਆ ਸੀ। ਸਾਲ 1984 ਵਿੱਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵਜੋਂ ਉਨ੍ਹਾਂ ਨੇ ‘ਅਪਰੇਸ਼ਨ ਬਲਿਊ ਸਟਾਰ’ ਲਈ ਸਿਵਲ ਪ੍ਰਸ਼ਾਸਨ ਦੀ ਸਹਿਮਤੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਹ ਇਸ ਫ਼ੌਜੀ ਕਾਰਵਾਈ ਨੂੰ ਗ਼ੈਰ-ਵਾਜਬ ਸਮਝਦੇ ਸਨ। ਇਸ ਨਾਲ ਭਾਰਤ ਸਰਕਾਰ ਅਤੇ ਉਨ੍ਹਾਂ ਲਈ ਇੱਕ ਮੁਸ਼ਕਲ ਸਥਿਤੀ ਖੜ੍ਹੀ ਹੋ ਗਈ ਸੀ। ਆਖ਼ਰਕਾਰ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਕੇ ਲੰਬੀ ਛੁੱਟੀ ’ਤੇ ਭੇਜ ਕੇ ਕਿਸੇ ਤਰ੍ਹਾਂ ਸਮਝੌਤਾ ਕੀਤਾ ਗਿਆ। ਬਾਅਦ ਵਿੱਚ ਇਹ ਗੱਲ ਸਾਹਮਣੇ ਆਈ ਕਿ ਉਸ ਸਮੇਂ ਦੇ ਪੰਜਾਬ ਦੇ ਰਾਜਪਾਲ ਬੀ ਡੀ ਪਾਂਡੇ ਅਤੇ ਮੁੱਖ ਸਕੱਤਰ ਕੇ ਡੀ ਵਾਸੂਦੇਵ ਵੀ ਇਸ ਫ਼ੌਜੀ ਕਾਰਵਾਈ ਦੇ ਵਿਰੁੱਧ ਸਨ। ਸੋ, ਸ੍ਰੀ ਬਰਾੜ ਨੂੰ ਉਨ੍ਹਾਂ ਦੇ ਅੰਮ੍ਰਿਤਸਰ ਵਾਲੇ ਅਹੁਦੇ ਤੋਂ ਹਟਾਉਣ ਲਈ ਇਨ੍ਹਾਂ ਸਾਰਿਆਂ ਨੂੰ ਜ਼ਰੂਰ ਬਹੁਤ ਔਖਾ ਲੱਗਿਆ ਹੋਵੇਗਾ।
ਜਦੋਂ ਕਾਲਜ ਦੇ ਪ੍ਰਿੰਸੀਪਲ ਦੇ ਕਮਰੇ ਵਿੱਚ ਸਾਨੂੰ ਕੁਝ ਸਮਾਂ ਇਕੱਠਿਆਂ ਬੈਠਣ ਦਾ ਮੌਕਾ ਮਿਲਿਆ ਤਾਂ ਮੈਂ ਜੂਨ 1984 ਦੀਆਂ ਘਟਨਾਵਾਂ ਬਾਰੇ ਉਨ੍ਹਾਂ ਤੋਂ ਪੁੱਛਣਾ ਚਾਹਿਆ। ਜਦੋਂ ਮੈਂ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਬਹੁਤ ਸੋਚ-ਸਮਝ ਕੇ ਇਹ ਸਵਾਲ ਛੇੜਿਆ ਤਾਂ ਉਨ੍ਹਾਂ ਪਹਿਲਾਂ ਤਾਂ ਚੁੱਪ ਵੱਟ ਲਈ ਅਤੇ ਫਿਰ ਗੱਲ ਨੂੰ ਸਿੱਖਿਆ ਦੇ ਪਸਾਰ ਪ੍ਰਤੀ ਆਪਣੇ ਜਨੂੰਨ ਵੱਲ ਮੋੜ ਲਿਆ। ਉਹ ਸ਼ਾਇਦ ਆਪਣੇ ਮੂੰਹੋਂ ਆਪਣੀ ਵਡਿਆਈ ਕਰਨ ਤੋਂ ਗੁਰੇਜ਼ ਕਰ ਰਹੇ ਸਨ ਅਤੇ ਇਸ ਦੀ ਬਜਾਏ ਇਹ ਉਜਾਗਰ ਕਰਨਾ ਚਾਹੁੰਦੇ ਸਨ ਕਿ ਉਹ ਮੌਜੂਦਾ ਸਮੇਂ ਵਿੱਚ ਕੀ ਕਰ ਰਹੇ ਹਨ, ਜਿਵੇਂ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਪੰਜ ਕਾਲਜਾਂ ਅਤੇ ਫ਼ਰੀਦਕੋਟ ਵਿੱਚ ਕਈ ਸਕੂਲਾਂ ਦਾ ਪ੍ਰਬੰਧ ਚਲਾਉਣਾ।
ਪ੍ਰਿੰਸੀਪਲ ਨੇ ਮੈਨੂੰ ਬਾਅਦ ਵਿੱਚ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਵਿੱਚੋਂ ਇੱਕ ਵੱਡਾ ਹਿੱਸਾ ਉਨ੍ਹਾਂ ਬਿਹਾਰੀ ਪਰਵਾਸੀ ਪਰਿਵਾਰਾਂ ਦੀਆਂ ਧੀਆਂ ਦਾ ਸੀ, ਜੋ ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ ਦੀਆਂ ਕਲੋਨੀਆਂ ਵਿੱਚ ਰਹਿੰਦੇ ਹਨ। ਬਰਾੜ ਸਾਹਬ ਦੇ ਸਾਫ਼ ਹੁਕਮ ਸਨ ਕਿ ਪੜ੍ਹਨਯੋਗ ਕਿਸੇ ਵੀ ਲੜਕੀ ਨੂੰ ਸਿਰਫ਼ ਇਸ ਕਰਕੇ ਦਾਖ਼ਲਾ ਦੇਣੋਂ ਨਾ ਰੋਕਿਆ ਜਾਵੇ ਕਿ ਉਸ ਦੇ ਮਾਪੇ ਫ਼ੀਸ ਨਹੀਂ ਭਰ ਸਕਦੇ; ਉਨ੍ਹਾਂ ਹਦਾਇਤ ਕੀਤੀ ਸੀ ਕਿ ਜਿਹੜੀ ਸਿੱਖ ਐਜੂਕੇਸ਼ਨ ਸੁਸਾਇਟੀ ਦੀ ਉਹ ਅਗਵਾਈ ਕਰ ਰਹੇ ਹਨ, ਉਹ ਅਜਿਹੇ ਸਾਰੇ ਵਿਦਿਆਰਥੀਆਂ ਦੀ ਫ਼ੀਸ ਭਰੇਗੀ।
ਸਾਡਾ ਆਪਸ ਵਿੱਚ ਰਾਬਤਾ ਬਣਿਆ ਰਿਹਾ। ਉਨ੍ਹਾਂ ਨੇ ਮੈਨੂੰ ਆਪਣੇ ਲੇਖਾਂ ਦੀ ਇੱਕ ਕਿਤਾਬ ਭੇਜੀ, ਜਿਸ ਵਿੱਚ ਜੀਵਨ ਦੇ ਵੱਖੋ-ਵੱਖਰੇ ਪਹਿਲੂਆਂ ਬਾਰੇ ਚਿੰਤਨ ਕੀਤਾ ਗਿਆ ਸੀ। ਮੈਂ ਉਨ੍ਹਾਂ ਨੂੰ ਫ਼ਰਵਰੀ 2026 ਵਿੱਚ ਫਿਰ ਮਿਲਿਆ, ਜਦੋਂ ਮੈਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਇੱਕ ਕਾਨਫ਼ਰੰਸ ਵਿੱਚ ਮੁੱਖ ਭਾਸ਼ਣ ਦੇਣ ਲਈ ਕਾਲਜ ਗਿਆ ਸਾਂ। ਉਹ ਕੁਝ ਕਮਜ਼ੋਰ ਜ਼ਰੂਰ ਲੱਗ ਰਹੇ ਸਨ, ਪਰ ਉਨ੍ਹਾਂ ਵਿੱਚ ਜਿਊਣ ਦੀ ਚਾਹ ਅਤੇ ਉਤਸ਼ਾਹ ਹਾਲੇ ਵੀ ਬਰਕਰਾਰ ਸੀ। ਬਰਾੜ ਸਾਹਿਬ, ਜਿਹੜੇ ਪਿਛਲੇ ਹਫ਼ਤੇ 95 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ, ਨੇ ਨੇਕੀ ਅਤੇ ਦਿਆਲਤਾ ਦੇ ਅਨੇਕਾਂ ਕਾਰਜਾਂ ਨਾਲ ਭਰਪੂਰ ਇੱਕ ਸਾਰਥਕ ਜੀਵਨ ਬਤੀਤ ਕੀਤਾ।
*ਲੇਖਕ ਆਕਸਫੋਰਡ ਬਰੁੱਕਸ ਯੂਨੀਵਰਸਿਟੀ, ਆਕਸਫੋਰਡ (ਯੂ ਕੇ) ਵਿੱਚ ਪ੍ਰੋਫ਼ੈਸਰ ਇਮੈਰੀਟਸ ਹਨ।
