ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਚਾਰ ਦਿਨਾ ਨਾਰਵੇ ਦੌਰੇ ’ਤੇ ਪੁੱਜੇ
ਸ੍ਰੀ ਅਕਾਲ ਤਖ਼ਤ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਚਾਰ ਦਿਨਾਂ ਲਈ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਓਸਲੋ ਦੀ ਪ੍ਰਬੰਧਕ ਕਮੇਟੀ ਦੇ ਸੱਦੇ ’ਤੇ ਨਾਰਵੇ ਦੇ ਦੌਰੇ ਉੱਤੇ ਓਸਲੋ ਪੁੱਜੇ ਹਨ। ਨਾਰਵੇ ਦੀ ਸਿੱਖ ਸੰਗਤ ਨੇ ਓਸਲੋ ਹਵਾਈ ਅੱਡੇ ਉੱਤੇ ਉਨ੍ਹਾਂ ਦਾ ਫੁੱਲਾਂ ਦੇ ਗੁਲਦਸਤੇ ਦੇ ਕੇ ਨਿੱਘਾ ਸਵਾਗਤ ਕੀਤਾ।
ਨਾਰਵੇ ਦੌਰੇ ਮੌਕੇ ਜਥੇਦਾਰ ਗੜਗੱਜ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਓਸਲੋ ਵਿਖੇ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕਰਨ ਦੇ ਨਾਲ-ਨਾਲ ਸਥਾਨਕ ਸਿੱਖ ਸੰਗਤ ਨਾਲ ਵੱਖ-ਵੱਖ ਮਾਮਲਿਆਂ ਸਬੰਧੀ ਵਿਚਾਰ-ਚਰਚਾ ਵੀ ਕਰਨਗੇ। ਇਸ ਉਪਰੰਤ ਜਥੇਦਾਰ ਸਿੱਖ ਸੰਗਤ ਨਾਲ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਓਸਲੋ ਵਿਖੇ ਪੁੱਜੇ, ਜਿੱਥੇ ਉਨ੍ਹਾਂ ਕੁਝ ਸਮੇਂ ਲਈ ਸੰਗਤ ਨਾਲ ਵਿਚਾਰ-ਚਰਚਾ ਕੀਤੀ ਅਤੇ ਉਨ੍ਹਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ।
ਜਥੇਦਾਰ ਨੇ ਕਿਹਾ ਕਿ ਇਹ ਖ਼ੁਸ਼ੀ ਦੀ ਗੱਲ ਹੈ ਕਿ ਆਪਣੇ ਮੂਲ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਵੱਸਦੇ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹਨ ਅਤੇ ਸੇਵਾ ਭਾਵਨਾ ਨਾਲ ਕਾਰਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੁਨੀਆ ਵਿੱਚ ਜਿੱਥੇ ਵੀ ਸਿੱਖ ਵੱਸੇ, ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਸਿੱਖੀ ਫੁਲਵਾੜੀ ਨੂੰ ਅਗਾਂਹ ਤੋਰਿਆ ਅਤੇ ਨਾਮਣਾ ਖੱਟਿਆ।
ਇਸ ਮੌਕੇ ਗੁਰਦਿਆਲ ਸਿੰਘ ਪੱਡਾ, ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਓਸਲੋ), ਦਰਬਾਰਾ ਸਿੰਘ ਅਤੇ ਜਸਕਰਨ ਸਿੰਘ ਆਦਿ ਹਾਜ਼ਰ ਸਨ।
