ਸੀਐਮ ਦਫ਼ਤਰ ਨਾਲ ਜੁੜੇ ਭ੍ਰਿਸ਼ਟਾਚਾਰ ਮਾਮਲੇ ’ਚ ਰਾਜਬੀਰ ਘੁੰਮਣ ਤੀਜੀ ਵਾਰ ਸੀਬੀਆਈ ਦਫ਼ਤਰ ਪਹੁੰਚੇ
ਮੁੱਖ ਮੰਤਰੀ ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ ਦੇ ਮੁਲਜ਼ਮ ਰਾਜਬੀਰ ਸਿੰਘ ਘੁੰਮਣ ਅੱਜ ਪੁੱਛਗਿੱਛ ਲਈ ਚੰਡੀਗੜ੍ਹ ਸਥਿਤ ਸੀਬੀਆਈ ਦਫ਼ਤਰ ਪਹੁੰਚੇ। ਇਹ ਤੀਜੀ ਵਾਰ ਹੈ ਜਦੋਂ ਉਹ ਜਾਂਚ ਏਜੰਸੀ ਸਾਹਮਣੇ ਪੇਸ਼ ਹੋਏ ਹਨ। ਇਸ ਤੋਂ ਪਹਿਲਾਂ ਸੀਬੀਆਈ ਉਨ੍ਹਾਂ ਤੋਂ ਦੋ ਵਾਰ ਪੁੱਛਗਿੱਛ ਕਰ ਚੁੱਕੀ ਹੈ, ਜਿਸ ਦੌਰਾਨ ਪਹਿਲੀ ਵਾਰ 40 ਅਤੇ ਦੂਜੀ ਵਾਰ 50 ਸਵਾਲ ਪੁੱਛੇ ਗਏ ਸਨ।
ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਨੇ ਰਾਜਬੀਰ ਘੁੰਮਣ ਨੂੰ 22 ਅਕਤੂਬਰ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਸੀ, ਪਰ ਉਹ ਉਸ ਦਿਨ ਪੇਸ਼ ਨਹੀਂ ਹੋਏ ਸਨ।
ਪਿਛਲੀ ਵਾਰ ਸੀਬੀਆਈ ਦਫ਼ਤਰ ਤੋਂ ਬਾਹਰ ਆਉਣ ਮਗਰੋਂ ਰਾਜਬੀਰ ਘੁੰਮਣ ਨੇ ਦੱਸਿਆ ਸੀ ਕਿ ਜਾਂਚ ਏਜੰਸੀ ਨੇ ਉਨ੍ਹਾਂ ਤੋਂ ਕਰੀਬ 50 ਸਵਾਲ ਪੁੱਛੇ ਸਨ। ਇਨ੍ਹਾਂ ਵਿੱਚ ਕੁਝ ਪੁਰਾਣੇ ਅਤੇ ਕੁਝ ਨਵੇਂ ਸਵਾਲ ਸ਼ਾਮਲ ਸਨ। ਉਨ੍ਹਾਂ ਕਿਹਾ ਸੀ ਕਿ ਉਹ ਸਾਰੇ ਸਵਾਲਾਂ ਦੇ ਜਵਾਬ ਦੇ ਚੁੱਕੇ ਹਨ ਅਤੇ ਨਿਰਪੱਖ ਜਾਂਚ ਲਈ ਪੂਰੀ ਤਰ੍ਹਾਂ ਤਿਆਰ ਹਨ।
ਇਸ ਤੋਂ ਪਹਿਲਾਂ ਪਹਿਲੀ ਪੇਸ਼ੀ ਦੌਰਾਨ ਸੀਬੀਆਈ ਨੇ ਰਾਜਬੀਰ ਘੁੰਮਣ ਤੋਂ ਕਰੀਬ 6 ਘੰਟੇ ਪੁੱਛਗਿੱਛ ਕੀਤੀ ਸੀ ਅਤੇ ਲਗਭਗ 40 ਸਵਾਲ ਪੁੱਛੇ ਸਨ। ਘੁੰਮਣ ਨੇ ਕਿਹਾ ਸੀ ਕਿ ਪੁੱਛਗਿੱਛ ਦਾ ਮਾਹੌਲ ਠੀਕ ਸੀ ਅਤੇ ਉਨ੍ਹਾਂ ਨੂੰ ਜਾਂਚ ਤੋਂ ਕੋਈ ਡਰ ਨਹੀਂ ਹੈ। ਉਨ੍ਹਾਂ ਇਹ ਵੀ ਭਰੋਸਾ ਜਤਾਇਆ ਸੀ ਕਿ ਜਲਦੀ ਹੀ ਉਨ੍ਹਾਂ ਨੂੰ ਕਲੀਨ ਚਿੱਟ ਮਿਲ ਜਾਵੇਗੀ।
ਇਸ ਮਾਮਲੇ ਵਿੱਚ ਐਫਆਈਆਰ ਦਰਜ ਹੋਣ ਤੋਂ ਬਾਅਦ ਸੀਬੀਆਈ ਨੇ ਰਾਜਬੀਰ ਘੁੰਮਣ ਨੂੰ ਤਿੰਨ ਸੰਮਨ ਭੇਜੇ ਸਨ, ਪਰ ਉਹ ਪੇਸ਼ ਨਹੀਂ ਹੋਏ ਸਨ। ਇਸ ਤੋਂ ਬਾਅਦ 12 ਅਕਤੂਬਰ ਨੂੰ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਅਤੇ ਸਖ਼ਤ ਕਾਰਵਾਈ 'ਤੇ ਅੰਤਰਿਮ ਰੋਕ ਲਗਾ ਦਿੱਤੀ ਸੀ। ਅਦਾਲਤ ਨੇ ਘੁੰਮਣ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਦੇਣ ਦੇ ਹੁਕਮ ਦਿੱਤੇ ਸਨ। ਉਨ੍ਹਾਂ ਦੇ ਵਕੀਲ ਜੀਪੀਐੱਸ ਘੁੰਮਣ ਨੇ ਵੀ ਕਿਹਾ ਸੀ ਕਿ ਰਾਜਬੀਰ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਨ।
ਇਸ ਮਾਮਲੇ ਵਿੱਚ ਸੀਬੀਆਈ ਰਾਜਬੀਰ ਘੁੰਮਣ ਦੇ ਕਰੀਬੀ ਮੰਨੇ ਜਾਂਦੇ ਨਿਤਿਨ ਗੋਹਲ ਅਤੇ ਬੀਰ ਦਵਿੰਦਰ ਸਿੰਘ ਤੋਂ ਵੀ ਪੁੱਛਗਿੱਛ ਕਰ ਚੁੱਕੀ ਹੈ। ਦੋਵੇਂ ਐਤਵਾਰ ਸਵੇਰੇ ਕਰੀਬ 11:30 ਵਜੇ ਸੀਬੀਆਈ ਦਫ਼ਤਰ ਪਹੁੰਚੇ ਸਨ, ਜਿੱਥੇ ਉਨ੍ਹਾਂ ਤੋਂ ਲਗਭਗ 10 ਘੰਟੇ ਸਵਾਲ-ਜਵਾਬ ਕੀਤੇ ਗਏ। ਪੁੱਛਗਿੱਛ ਤੋਂ ਬਾਅਦ ਬੀਰ ਦਵਿੰਦਰ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਬਾਰੇ ਸਾਰੇ ਜਵਾਬ ਦੇ ਦਿੱਤੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਜਾਂਚ ਨਿਰਪੱਖ ਹੋਵੇਗੀ ਅਤੇ ਇਨਸਾਫ਼ ਮਿਲੇਗਾ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਸੀਬੀਆਈ ਨੇ 5 ਅਕਤੂਬਰ ਨੂੰ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਸੀ। ਇਸ ਵਿੱਚ ਰਾਜਬੀਰ ਸਿੰਘ ਘੁੰਮਣ, ਨਿਤਿਨ ਗੋਹਲ, ਜਿਤਿਨ ਗੋਹਲ ਉਰਫ਼ ਰਾਜਾ, ਰੋਮੀ ਰਾਜਾ ਮਹਾਜਨ, ਬੀਰ ਦਵਿੰਦਰ ਸਿੰਘ, ਆਰਐੱਸ ਨਾਗਰਾ ਅਤੇ ਕੁਝ ਅਣਪਛਾਤੇ ਸਰਕਾਰੀ ਤੇ ਨਿੱਜੀ ਅਧਿਕਾਰੀਆਂ ਨੂੰ ਮੁਲਜ਼ਮ ਬਣਾਇਆ ਗਿਆ ਹੈ।
ਸੀਬੀਆਈ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਦੇ 15 ਤੋਂ ਵੱਧ ਵਿਭਾਗਾਂ ਦੀਆਂ ਫਾਈਲਾਂ ਅਤੇ 22 ਤੋਂ ਵੱਧ ਅਧਿਕਾਰੀਆਂ ਦੇ ਤਬਾਦਲਿਆਂ ਨਾਲ ਸਬੰਧਤ ਰਿਕਾਰਡ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਇਨਫੋਰਸਮੈਂਟ ਡਾਇਰੈਕਟੋਰੇਟ ਵੀ ਮਾਮਲੇ ਦੀ ਜਾਂਚ ਕਰ ਰਿਹਾ ਹੈ। ਫਿਲਹਾਲ ਸੀਬੀਆਈ ਦੀ ਜਾਂਚ ਜਾਰੀ ਹੈ ਅਤੇ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।
