ਪੰਜਾਬ ਦਾ ਖੂੰਖਾਰ ਗੈਂਗਸਟਰ ਅੰਮ੍ਰਿਤਪਾਲ ਬਾਠ ਕੈਨੇਡਾ ਦੇ ਸਰੀ ਬਾਰਡਰ ਤੋਂ ਗ੍ਰਿਫ਼ਤਾਰ ਫ਼ਰਜ਼ੀ ਪਾਸਪੋਰਟ ’ਤੇ ਭੱਜਿਆ ਸੀ ਵਿਦੇਸ਼

ਕੇਂਦਰ ਸਰਕਾਰ ਵੱਲੋਂ ਗੈਂਗਸਟਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਜ਼ਿਲ੍ਹਾ ਤਰਨਤਾਰਨ ਨਾਲ ਸਬੰਧਤ ਗੈਂਗਸਟਰ ਅੰਮ੍ਰਿਤਪਾਲ ਸਿੰਘ ਬਾਠ ਨੂੰ ਕੈਨੇਡਾ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ਹਲਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਦੂਜੇ ਦਿਨ ਸਦਨ ਨੂੰ ਸੰਬੋਧਨ ਕਰਦਿਆਂ ਦਿੱਤੀ। ਕੈਨੇਡਾ ਦੇ ਸਰੇ ਬਾਰਡਰ ਤੋਂ ਬਾਠ ਦੀ ਗ੍ਰਿਫ਼ਤਾਰੀ ਦੀ ਖ਼ਬਰ ਸਾਂਝੀ ਕਰਦਿਆਂ ਸੰਧੂ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਹਮਲਾਵਰ ਰੁਖ਼ ਅਖ਼ਤਿਆਰ ਕੀਤਾ।
ਪਿੰਡ ਮੀਆਂਪੁਰ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਬਾਠ ਖ਼ਿਲਾਫ਼ ਕਤਲ ਅਤੇ ਨਸ਼ਿਆਂ ਦੇ ਕਈ ਮਾਮਲੇ ਦਰਜ ਹਨ। ਪੁਲਿਸ ਦੀ ਗ੍ਰਿਫ਼ਤ ਤੋਂ ਬਚਣ ਲਈ ਉਹ ਫ਼ਰਜ਼ੀ ਪਾਸਪੋਰਟ ’ਤੇ ਕੈਨੇਡਾ ਭੱਜ ਗਿਆ ਸੀ। ਉਸ ਨੇ 14 ਜਨਵਰੀ 2024 ਨੂੰ ਝਬਾਲ ਦੇ ਸਰਪੰਚ ਮੁਨੀਸ਼ ਕੁਮਾਰ ਮੋਨੂੰ ਚੀਮਾ ਦਾ ਕਤਲ ਕਰਵਾਇਆ ਸੀ। ਜਦੋਂ ਕਿ ਪਿੰਡ ਲਾਲੂ ਘੁੰਮਣ ਦੇ ਬਜ਼ੁਰਗ ਸਰਪੰਚ ਦੇ ਕਤਲ ਵਿੱਚ ਵੀ ਬਾਠ ਦਾ ਨਾਮ ਦਰਜ ਕੀਤਾ ਗਿਆ ਸੀ।
ਨਵੰਬਰ 2025 ਵਿੱਚ ਵਿਧਾਨ ਸਭਾ ਦੀ ਜ਼ਿਮਨੀ ਚੋਣ ਦੌਰਾਨ ਅਕਾਲੀ ਦਲ ਵੱਲੋਂ ਬਾਠ ਦੀ ਸੱਸ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਉਮੀਦਵਾਰ ਬਣਾਇਆ ਗਿਆ ਸੀ। ਜਦੋਂ ਕਿ ਬਾਅਦ ਵਿੱਚ ਬਾਠ ਦੀ ਪਤਨੀ ਕੰਚਨਪ੍ਰੀਤ ਕੌਰ ਰੰਧਾਵਾ ਨੂੰ ਹਲਕੇ ਦਾ ਇੰਚਾਰਜ ਲਾਇਆ ਗਿਆ।
ਹਰਮੀਤ ਸਿੰਘ ਸੰਧੂ ਨੇ ਵਿਧਾਨ ਸਭਾ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਵੱਲੋਂ ਲਗਾਤਾਰ ਗੈਂਗਸਟਰਵਾਦ ਨੂੰ ਹਵਾ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਚਾਹੀਦਾ ਹੈ ਕਿ ਗੈਂਗਸਟਰਵਾਦ ਵਿਰੁੱਧ ਰਲ ਕੇ ਲੜਾਈ ਲੜੀ ਜਾਵੇ, ਤਾਂ ਜੋ ਪੰਜਾਬ ਵਿੱਚ ਮਾਹੌਲ ਸ਼ਾਂਤ ਰਹਿ ਸਕੇ।
ਪੰਜਾਬ ਦੇ ਤਰਨਤਾਰਨ ਵਿੱਚ 14 ਜਨਵਰੀ 2024 ਦੀ ਸਵੇਰ 9 ਵਜੇ ਸਰਪੰਚ ਸੋਨੂੰ ਚੀਮਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅੱਡਾ ਝਬਾਲ ਪਿੰਡ ਦੇ ਸਰਪੰਚ ਅਵਨ ਕੁਮਾਰ ਉਰਫ਼ ਸੋਨੂੰ ਚੀਮਾ ਸੈਲੂਨ ਵਿੱਚ ਵਾਲ ਕਟਵਾਉਣ ਆਏ ਸਨ। ਉਸੇ ਦੌਰਾਨ ਮੋਟਰਸਾਈਕਲ ’ਤੇ ਆਏ ਬਦਮਾਸ਼ ਨੇ ਉਨ੍ਹਾਂ ਦੇ ਪੇਟ ਵਿੱਚ 2 ਗੋਲੀਆਂ ਮਾਰੀਆਂ। ਗੰਭੀਰ ਹਾਲਤ ਵਿੱਚ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਜਾਂਚ ਤੋਂ ਬਾਅਦ ਇਸ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਬਾਠ ਦਾ ਨਾਂ ਸਾਹਮਣੇ ਆਇਆ ਸੀ।
