ਜਲੰਧਰ ਦੇ ਫਿਲੌਰ ‘ਚ ਨਸ਼ੇ ਦਾ ਟੀਕਾ ਲਗਾਉਂਦੇ ਨੌਜਵਾਨਾਂ ਦੀ ਵੀਡੀਓ ਵਾਇਰਲ, ਲੋਕਾਂ ਨੇ ਫੜ ਕੇ ਕੀਤੀ ਪੁੱਛਗਿੱਛ

ਵੀਡੀਓ 'ਚ ਇੱਕ ਨੌਜਵਾਨ ਦੂਜੇ ਦੀ ਬਾਂਹ 'ਚ ਸਰਿੰਜ ਰਾਹੀਂ ਕਥਿਤ ਤੌਰ 'ਤੇ ਨਸ਼ੇ ਦਾ ਟੀਕਾ ਲਗਾਉਂਦਾ ਦਿਖਾਈ ਦਿੰਦਾ ਹੈ। ਜਿਵੇਂ ਹੀ ਸਥਾਨਕ ਲੋਕ ਵੀਡੀਓ ਬਣਾਉਂਦੇ ਹੋਏ ਉੱਥੇ ਪਹੁੰਚਦੇ ਹਨ, ਟੀਕਾ ਲਗਾ ਰਿਹਾ ਨੌਜਵਾਨ ਸਰਿੰਜ ਦਬਾ ਕੇ ਟੀਕਾ ਲਗਾਉਂਦਾ ਤੇ ਫਿਰ ਉਸ ਨੂੰ ਤੁਰੰਤ ਬਾਹਰ ਕੱਢ ਲੈਂਦਾ ਹੈ।
ਪੰਜਾਬ ‘ਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ। ਜਲੰਧਰ ਜ਼ਿਲ੍ਹੇ ਦੇ ਫਿਲੌਰ ਇਲਾਕੇ ਦੀ ਦੱਸੀ ਜਾ ਰਹੀ ਇਸ ਵੀਡੀਓ ‘ਚ ਦੋ ਨੌਜਵਾਨ ਕਥਿਤ ਤੌਰ ‘ਤੇ ਨਸ਼ੀਲੇ ਪਦਾਰਥ (ਚਿੱਟੇ) ਦਾ ਟੀਕਾ ਲਗਾਉਂਦੇ ਦਿਖਾਈ ਦੇ ਰਹੇ ਹਨ। ਸਥਾਨਕ ਲੋਕਾਂ ਨੇ ਦੋਵਾਂ ਨੂੰ ਮੌਕੇ ‘ਤੇ ਫੜ ਲਿਆ ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ। ਵੀਡੀਓ ‘ਚ ਨੌਜਵਾਨ ਲੋਕਾਂ ਅੱਗੇ ਮੁਆਫ਼ੀ ਮੰਗਦੇ ਤੇ ਪੁਲਿਸ ਥਾਣੇ ਨਾ ਲਿਜਾਣ ਦੀ ਬੇਨਤੀ ਕਰਦੇ ਨਜ਼ਰ ਆ ਰਹੇ ਹਨ।
ਵੀਡੀਓ ਬਣਾਉਣ ਵਾਲੇ ਲੋਕਾਂ ਮੁਤਾਬਕ, ਦੋ ਨੌਜਵਾਨਾਂ ਨੂੰ ਕਥਿਤ ਤੌਰ ‘ਤੇ ਨਸ਼ੇ ਦਾ ਟੀਕਾ ਲਗਾਉਂਦੇ ਸਮੇਂ ਫੜਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਇੱਕ ਨੌਜਵਾਨ ਦੀ ਬਾਈਕ ‘ਤੇ ਜਲੰਧਰ ਆਰਟੀਓ ਦਾ ਰਜਿਸਟ੍ਰੇਸ਼ਨ ਨੰਬਰ ਦਰਜ ਸੀ। ਬਾਈਕ ‘ਤੇ ‘ਨਾਰਦਰਨ ਰੇਲਵੇ’ ਵੀ ਲਿਖਿਆ ਹੋਇਆ ਸੀ। ਜਦੋਂ ਨੌਜਵਾਨ ਨੂੰ ਪੁੱਛਿਆ ਗਿਆ ਕਿ ਕੀ ਉਹ ਰੇਲਵੇ ‘ਚ ਨੌਕਰੀ ਕਰਦਾ ਹੈ ਤਾਂ ਉਸ ਨੇ ਜਵਾਬ ਦਿੱਤਾ ਕਿ ਉਸ ਦਾ ਚਾਚਾ ਰੇਲਵੇ ‘ਚ ਕੰਮ ਕਰਦਾ ਹੈ। ਵੀਡੀਓ ‘ਚ ਨੌਜਵਾਨ ਨੇ ਇਹ ਵੀ ਦੱਸਿਆ ਕਿ ਉਸ ਨੂੰ ਇੱਕ ਵਿਅਕਤੀ ਨੇ ਚਿੱਟਾ ਦੇਣ ਦੀ ਪੇਸ਼ਕਸ਼ ਕੀਤੀ ਸੀ। ਉਸ ਵੱਲੋਂ ਹਾਂ ਕਹਿਣ ‘ਤੇ ਉਕਤ ਵਿਅਕਤੀ ਕਥਿਤ ਤੌਰ ‘ਤੇ ਨਸ਼ਾ ਦੇ ਕੇ ਉੱਥੋਂ ਚਲਾ ਗਿਆ।
ਵੀਡੀਓ ਬਣਾਉਣ ਵਾਲਿਆਂ ਨੇ ਦਾਅਵਾ ਕੀਤਾ ਕਿ ਇਸ ਤੋਂ ਪਹਿਲਾਂ ਵੀ ਉਹ ਇਸੇ ਥਾਂ ਤੋਂ ਦੋ ਹੋਰ ਨੌਜਵਾਨਾਂ ਨੂੰ ਭਜਾ ਚੁੱਕੇ ਹਨ। ਉਨ੍ਹਾਂ ਨੇ ਫਿਲੌਰ, ਜਲੰਧਰ ਤੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਨਸ਼ਿਆਂ ਦੀ ਸਮੱਸਿਆ ‘ਤੇ ਚਿੰਤਾ ਜਤਾਈ।
ਸਾਹਮਣੇ ਆਈ ਵੀਡੀਓ ‘ਚ ਸਥਾਨਕ ਲੋਕਾਂ ਤੇ ਨੌਜਵਾਨਾਂ ਵਿਚਾਲੇ ਕਰੀਬ ਪੰਜ ਮਿੰਟ ਤੱਕ ਬਹਿਸ ਹੁੰਦੀ ਦਿਖਾਈ ਦਿੰਦੀ ਹੈ। ਇਸ ਦੌਰਾਨ ਨੌਜਵਾਨ ਮੁਆਫ਼ੀ ਮੰਗਦੇ ਹੋਏ ਉਨ੍ਹਾਂ ਨੂੰ ਥਾਣੇ ਨਾ ਲਿਜਾਣ ਦੀ ਬੇਨਤੀ ਕਰਦੇ ਹਨ।
ਵੀਡੀਓ ‘ਚ ਇੱਕ ਨੌਜਵਾਨ ਦੂਜੇ ਦੀ ਬਾਂਹ ‘ਚ ਸਰਿੰਜ ਰਾਹੀਂ ਕਥਿਤ ਤੌਰ ‘ਤੇ ਨਸ਼ੇ ਦਾ ਟੀਕਾ ਲਗਾਉਂਦਾ ਦਿਖਾਈ ਦਿੰਦਾ ਹੈ। ਜਿਵੇਂ ਹੀ ਸਥਾਨਕ ਲੋਕ ਵੀਡੀਓ ਬਣਾਉਂਦੇ ਹੋਏ ਉੱਥੇ ਪਹੁੰਚਦੇ ਹਨ, ਟੀਕਾ ਲਗਾ ਰਿਹਾ ਨੌਜਵਾਨ ਸਰਿੰਜ ਦਬਾ ਕੇ ਟੀਕਾ ਲਗਾਉਂਦਾ ਤੇ ਫਿਰ ਉਸ ਨੂੰ ਤੁਰੰਤ ਬਾਹਰ ਕੱਢ ਲੈਂਦਾ ਹੈ। ਨੌਜਵਾਨਾਂ ਦੇ ਹੱਥਾਂ ‘ਚ ਸਰਿੰਜਾਂ ਦਿਖਾਈ ਦਿੰਦੀਆਂ ਹਨ। ਜਦੋਂ ਲੋਕ ਉਨ੍ਹਾਂ ਨੂੰ ਪੁੱਛਦੇ ਹਨ ਕਿ ਕੀ ਉਨ੍ਹਾਂ ਨੇ ਟੀਕਾ ਲਗਾ ਲਿਆ ਹੈ ਤਾਂ ਉਹ ਹਾਂ ‘ਚ ਜਵਾਬ ਦਿੰਦੇ ਹਨ। ਵੀਡੀਓ ‘ਚ ਇੱਕ ਨੌਜਵਾਨ ਦੇ ਮੂੰਹ ‘ਚ ਬੀੜੀ ਵੀ ਦਿਖਾਈ ਦਿੰਦੀ ਹੈ।
