ਪਾਵਰ ਲਿਫਟਿੰਗ ਵਰਲਡ ਕੱਪ ਜਿੱਤ ਕੇ ਪਹੁੰਚੇ ਬਟਾਲੇ ਦੀਦਾਰ ਸਿੰਘ

ਬਟਾਲਾ: ਜੇਕਰ ਮਨ ਵਿੱਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਅਤੇ ਮਿਹਨਤ ਕਰਨ ਦਾ ਹੌਸਲਾ ਹੋਵੇ ਤਾਂ ਉਮਰ ਕਦੇ ਵੀ ਕਾਮਯਾਬੀ ਦੇ ਰਾਹ ਵਿੱਚ ਰੁਕਾਵਟ ਨਹੀਂ ਬਣਦੀ। ਇਸ ਗੱਲ ਨੂੰ ਸੱਚ ਕਰ ਦਿਖਾਇਆ ਹੈ ਬਟਾਲਾ ਦੇ ਰਹਿਣ ਵਾਲੇ ਦੀਦਾਰ ਸਿੰਘ ਉਰਫ਼ ਦਾਰਾ ਸੇਖਵਾਂ ਨੇ, ਜਿਨ੍ਹਾਂ ਨੇ ਲਗਭਗ 60 ਸਾਲ ਦੀ ਉਮਰ ਵਿੱਚ ਨੇਪਾਲ ਵਿਖੇ ਕਰਵਾਏ ਗਏ ਅੰਤਰਰਾਸ਼ਟਰੀ ਪਾਵਰ ਲਿਫਟਿੰਗ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਜਿੱਤ ਕੇ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਬਟਾਲਾ ਵਿੱਚ ਖੁਸ਼ੀ ਦੀ ਲਹਿਰ ਹੈ। ਦੀਦਾਰ ਸਿੰਘ ਉਰਫ਼ ਦਾਰਾ ਸੇਖਵਾਂ ਨੇ ਦੱਸਿਆ ਕਿ ਨੇਪਾਲ ਵਿੱਚ 9, 10 ਅਤੇ 11 ਤਰੀਕ ਨੂੰ ਹੋਏ ਮੁਕਾਬਲਿਆਂ ਵਿੱਚ ਉਨ੍ਹਾਂ ਨੇ ਆਪਣੀ ਕੈਟਾਗਰੀ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਡੈੱਡਲਿਫਟ ਵਿੱਚ ਲਗਭਗ 90 ਤੋਂ 100 ਕਿਲੋਗ੍ਰਾਮ ਭਾਰ ਚੁੱਕਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਆਪਣੇ ਨਾਮ ਕੀਤਾ। ਉਨ੍ਹਾਂ ਮੁਤਾਬਕ ਅੰਤਰਰਾਸ਼ਟਰੀ ਪੱਧਰ ’ਤੇ ਇਹ ਉਨ੍ਹਾਂ ਦਾ ਪਹਿਲਾ ਪਾਵਰ ਲਿਫਟਿੰਗ ਮੁਕਾਬਲਾ ਸੀ, ਜਿਸ ਵਿੱਚ ਸੋਨ ਤਗਮਾ ਜਿੱਤਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਖ਼ਾਸ ਤੌਰ ’ਤੇ ਰੋਹਿਤ ਸ਼ਰਮਾ ਅਤੇ ਮੋਹਿਤ ਸ਼ਰਮਾ ਵੱਲੋਂ ਮਿਲੇ ਸਹਿਯੋਗ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਸਰਤ ਲਈ ਸਮਾਂ ਅਤੇ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਮਦਦ ਕੀਤੀ। ਉਨ੍ਹਾਂ ਕਿਹਾ ਨੇਪਾਲ ਤੋਂ ਜਿੱਤਿਆ ਗਿਆ ਇਹ ਸੋਨ ਤਗਮਾ ਉਨ੍ਹਾਂ ਦੀ ਸਾਲਾਂ ਦੀ ਮਿਹਨਤ ਦਾ ਨਤੀਜਾ ਹੈ ਅਤੇ ਬਟਾਲਾ ਲਈ ਮਾਣ ਵਾਲੀ ਪ੍ਰਾਪਤੀ ਹੈ। ਦੀਦਾਰ ਸਿੰਘ ਉਰਫ ਦਾਰਾ ਸੇਖਵਾਂ ਦੀ ਇਸ ਪ੍ਰਾਪਤੀ ’ਤੇ ਈਕੋ ਗਲੋਬਲ ਕੰਪਨੀ ਦੇ ਸੀਈਓ ਰੋਹਿ ਸ਼ਰਮਾ ਵਲੋਂ ਉਨ੍ਹਾਂ ਨੂੰ 51 ਹਜ਼ਾਰ ਰੁਪਏ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਜਗਰੂਪ ਸਿੰਘ ਸੇਖਵਾਂ ਵਲੋਂ ਉਨ੍ਹਾਂ ਨੂੰ 21 ਹਜ਼ਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
