ਗੈਂਗਸਟਰਾਂ ਦਾ ਵਧਦਾ ਖ਼ੌਫ਼
ਮੁੰਬਈ ਵਿੱਚ ਬੌਲੀਵੁੱਡ ਅਦਾਕਾਰ ਟਾਈਗਰ ਸ਼ਰੌਫ ’ਤੇ ਹੋਇਆ ਹਮਲਾ ਗੈਂਗਸਟਰਾਂ ਵੱਲੋਂ ਕਾਨੂੰਨ ਦੀਆਂ ਧੱਜੀਆਂ ਉਡਾਉਣ ਦੀ ਇੱਕ ਡਰਾਉਣੀ ਉਦਾਹਰਣ ਹੈ।
ਪੁਲੀਸ ਦੀ ਮੁੱਢਲੀ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਇੱਕ ਸ਼ੱਕੀ ਦਾ ਸਬੰਧ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਕਥਿਤ ਸਾਥੀ ਨਾਲ ਹੈ। ਭਾਵੇਂ ਬਿਸ਼ਨੋਈ 2015 ਤੋਂ ਜੇਲ੍ਹ ਵਿੱਚ ਬੰਦ ਹੈ, ਪਰ ਉਸ ਦੇ ਸਾਥੀ ਨਾ ਸਿਰਫ਼ ਭਾਰਤ ਸਗੋਂ ਵਿਦੇਸ਼ਾਂ ਵਿੱਚ ਵੀ ਸਰਗਰਮ ਹਨ। ਉਸ ਦੇ ਇੱਕ ਕਰੀਬੀ ਸਾਥੀ ਕਰਮਵੀਰ ਸਿੰਘ ਨੂੰ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ, ਜਿਸ ਨੂੰ ਪਿਛਲੇ ਮਹੀਨੇ ਪੰਜਾਬ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਇਸੇ ਤਰ੍ਹਾਂ ਅਪਰਾਧਿਕ ਗਰੋਹਾਂ ਅਤੇ ਦਹਿਸ਼ਤੀ ਸਮੂਹਾਂ ਵਿਚਕਾਰ ਗੱਠਜੋੜ ਨਾਲ ਸਬੰਧਿਤ ਮਾਮਲੇ ਵਿੱਚ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਤੋਂ ਬਾਅਦ ਨਵੰਬਰ 2025 ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ ਆਈ ਏ) ਵੱਲੋਂ ਕਾਬੂ ਕੀਤਾ ਗਿਆ ਸੀ। ਇਹ ਸਾਰੇ ਤੱਥ ਦਰਸਾਉਂਦੇ ਹਨ ਕਿ ਇਨ੍ਹਾਂ ਗੈਂਗਸਟਰਾਂ ਦਾ ਦਾਇਰਾ ਹੁਣ ਸਿਰਫ਼ ਸੂਬਿਆਂ ਦੀਆਂ ਹੱਦਾਂ ਤੱਕ ਹੀ ਸੀਮਿਤ ਨਹੀਂ ਰਿਹਾ ਸਗੋਂ ਇਹ ਕੌਮਾਂਤਰੀ ਪੱਧਰ ’ਤੇ ਆਪਣੇ ਜਾਲ ਫੈਲਾਈ ਬੈਠੇ ਹਨ।
ਟਾਈਗਰ ਸ਼ਰੌਫ ਵਾਲੀ ਘਟਨਾ ਜਨਤਕ ਸੁਰੱਖਿਆ ਬਾਰੇ ਵੀ ਸਵਾਲ ਖੜ੍ਹੇ ਕਰਦੀ ਹੈ। ਜੇਕਰ ਹਮਲਾਵਰ ਮੁੰਬਈ ਦੇ ਕਿਸੇ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਕਿਸੇ ਮਸ਼ਹੂਰ ਹਸਤੀ ’ਤੇ ਗੋਲੀਬਾਰੀ ਕਰ ਸਕਣ ਅਤੇ ਸੂਬੇ ਦੀਆਂ ਸਰਹੱਦਾਂ ਪਾਰ ਕਰਕੇ ਭੱਜਣ ਵਿੱਚ ਕਾਮਯਾਬ ਹੋ ਜਾਣ ਤਾਂ ਖ਼ੁਫ਼ੀਆ ਜਾਣਕਾਰੀ ਸਾਂਝੀ ਕਰਨ ਅਤੇ ਅਪਰਾਧਾਂ ਦੀ ਰੋਕਥਾਮ ਕਰਨ ਸਬੰਧੀ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਲੱਗਣਾ ਲਾਜ਼ਮੀ ਹੈ। ਅਪਰਾਧਿਕ ਨੈੱਟਵਰਕਾਂ ਨੂੰ ਕਾਨੂੰਨੀ ਦਾਇਰੇ ਦੀਆਂ ਕਮਜ਼ੋਰੀਆਂ ਦਾ ਫ਼ਾਇਦਾ ਉਠਾਉਣ ਤੋਂ ਰੋਕਣ ਲਈ ਲਗਾਤਾਰ ਅੰਤਰ-ਰਾਜੀ ਸਹਿਯੋਗ ਬਹੁਤ ਜ਼ਰੂਰੀ ਹੈ। ਕੌਮਾਂਤਰੀ ਤਾਲਮੇਲ ਵੀ ਓਨਾ ਹੀ ਅਹਿਮ ਹੈ ਕਿਉਂਕਿ ਅਪਰਾਧਿਕ ਸਿੰਡੀਕੇਟ ਬਿਨਾਂ ਕਿਸੇ ਡਰ ਜਾਂ ਕਾਨੂੰਨ ਦੇ ਖ਼ੌਫ਼ ਤੋਂ ਸਰਹੱਦਾਂ ਤੋਂ ਪਾਰ ਆਪਣੇ ਅੱਡੇ ਚਲਾ ਰਹੇ ਹਨ। ਬੌਲੀਵੁੱਡ ਸਿਤਾਰਿਆਂ ਅਤੇ ਹੋਰ ਵੀ ਆਈ ਪੀਜ਼ ਨੂੰ ਸੁਰੱਖਿਆ ਮਿਲਣੀ ਚਾਹੀਦੀ ਹੈ, ਪਰ ਹਰ ਆਮ ਨਾਗਰਿਕ ਵੀ ਇਸੇ ਤਰ੍ਹਾਂ ਸੁਰੱਖਿਆ ਦਾ ਹੱਕਦਾਰ ਹੈ। ਹੁਣ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਨ੍ਹਾਂ ਗੈਂਗਜ਼ ਦਾ ਲੱਕ ਤੋੜੇ, ਜੋ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਖੁੱਲ੍ਹੇਆਮ ਚੁਣੌਤੀ ਦੇ ਰਹੇ ਹਨ।
