ਯੂਰਪ 'ਚ ਮਹਿੰਗਾਈ ਖ਼ਿਲਾਫ਼ ਭੜਕਿਆ ਲੋਕਾਂ ਦਾ ਰੋਹ, ਫਰਾਂਸ ਦੇ ਕਈ ਸ਼ਹਿਰਾਂ 'ਚ ਕਰਫਿਊ; ਇਟਲੀ 'ਚ ਰਹਿੰਦੇ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ
ਯੂਰਪ 'ਚ ਵਿਰੋਧ ਪ੍ਰਦਰਸ਼ਨਾਂ ਦਾ ਇਹ ਦੌਰ ਫਿਲਹਾਲ ਰੁਕਦਾ ਨਜ਼ਰ ਨਹੀਂ ਆ ਰਿਹਾ। ਵਿਦਿਆਰਥੀ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਆਉਣ ਵਾਲੇ ਹਫ਼ਤਿਆਂ 'ਚ ਕਈ ਦੇਸ਼ਾਂ 'ਚ ਵੱਡੇ ਪੱਧਰ 'ਤੇ ਇਕੱਠ ਕਰਨ ਦਾ ਐਲਾਨ ਕੀਤਾ ਹੈ।
ਨਵੀਂ ਦਿੱਲੀ: ਯੂਰਪ 'ਚ ਵਧਦੀ ਮਹਿੰਗਾਈ ਅਤੇ ਜਨਤਕ ਸਹੂਲਤਾਂ ਦੀ ਮਾੜੀ ਹਾਲਤ ਖ਼ਿਲਾਫ਼ ਕਈ ਦੇਸ਼ਾਂ 'ਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਫਰਾਂਸ ਅਤੇ ਇਟਲੀ ਵਰਗੇ ਦੇਸ਼ਾਂ 'ਚ ਇਹ ਪ੍ਰਦਰਸ਼ਨ ਦੇਖਦੇ ਹੀ ਦੇਖਦੇ ਹਿੰਸਕ ਝੜਪਾਂ, ਅੱਗਜ਼ਨੀ ਅਤੇ ਭੰਨਤੋੜ 'ਚ ਬਦਲ ਗਏ। ਇਸ ਤੋਂ ਬਾਅਦ ਸਬੰਧਤ ਸਰਕਾਰਾਂ ਨੂੰ ਸਖ਼ਤ ਪ੍ਰਸ਼ਾਸਨਿਕ ਕਦਮ ਚੁੱਕਣੇ ਪਏ ਹਨ।
ਫਰਾਂਸ 'ਚ ਮਹਿੰਗਾਈ ਅਤੇ ਸਕੂਲਾਂ ਦੀ ਮਾੜੀ ਹਾਲਤ ਖ਼ਿਲਾਫ਼ ਸ਼ੁਰੂ ਹੋਇਆ ਅੰਦੋਲਨ ਕਾਫ਼ੀ ਉਗਰ ਹੋ ਗਿਆ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਦੁਕਾਨਾਂ, ਜਨਤਕ ਜਾਇਦਾਦ ਅਤੇ ਸਰਕਾਰੀ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ। ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਸੇਬਾਸਤਿਆਂ ਲੇਕੋਰਨੂ ਨੇ ਚੋਣਵੇਂ ਸ਼ਹਿਰਾਂ ਦੇ ਕੁਝ ਹਿੱਸਿਆਂ 'ਚ ਕਰਫਿਊ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ।
ਦੇਸ਼ ਦੇ ਗ੍ਰਹਿ ਮੰਤਰੀ ਲੌਰਾਂ ਨੁਨੇਜ਼ ਨੇ ਮੰਨਿਆ ਕਿ ਸ਼ਨੀਵਾਰ ਨੂੰ ਕਈ ਵੱਡੇ ਸ਼ਹਿਰਾਂ 'ਚ ਹਾਲਾਤ ਪੁਲਿਸ ਦੇ ਕਾਬੂ ਤੋਂ ਬਾਹਰ ਹੋ ਗਏ ਸਨ। ਨੁਨੇਜ਼ ਨੇ ਆਪਣੇ ਅਹੁਦੇ ਤੋਂ ਅਸਤੀਫ਼ੇ ਦੀ ਪੇਸ਼ਕਸ਼ ਵੀ ਕੀਤੀ, ਪਰ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਇਸ ਨੂੰ ਰੱਦ ਕਰ ਦਿੱਤਾ। ਰਾਸ਼ਟਰਪਤੀ ਮੈਕਰੋਂ ਨੇ ਇਸ ਹਿੰਸਾ ਲਈ ਅਤਿ-ਖੱਬੇ ਪੱਖੀ ਕਾਰਕੁਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅਧਿਕਾਰਤ ਜਾਣਕਾਰੀ ਮੁਤਾਬਕ, ਪੁਲਿਸ ਹੁਣ ਤੱਕ 2,400 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਲਗਪਗ 3,000 ਦੁਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ। ਇਟਲੀ 'ਚ ਭਾਰਤੀ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਇਟਲੀ 'ਚ ਵੀ ਮਹਿੰਗਾਈ ਦੇ ਮੁੱਦੇ 'ਤੇ ਹੋ ਰਹੇ ਪ੍ਰਦਰਸ਼ਨਾਂ ਨੇ ਹਿੰਸਕ ਰੂਪ ਧਾਰ ਲਿਆ ਹੈ। ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਹਿੰਸਕ ਘਟਨਾਵਾਂ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਕਿਹਾ ਕਿ ਆਪਣੀ ਗੱਲ ਰੱਖਣ ਲਈ ਪ੍ਰਦਰਸ਼ਨ ਕਰਨਾ ਨਾਗਰਿਕਾਂ ਦਾ ਅਧਿਕਾਰ ਹੈ, ਪਰ ਸ਼ਹਿਰਾਂ 'ਚ ਅੱਗਜ਼ਨੀ ਫੈਲਾਉਣਾ ਕਿਸੇ ਵੀ ਕੀਮਤ 'ਤੇ ਸਵੀਕਾਰ ਨਹੀਂ ਕੀਤਾ ਜਾ ਸਕਦਾ।
ਹਿੰਸਾ ਦੀਆਂ ਘਟਨਾਵਾਂ ਨੂੰ ਦੇਖਦਿਆਂ ਭਾਰਤੀ ਦੂਤਾਵਾਸ ਨੇ ਉੱਥੇ ਰਹਿਣ ਵਾਲੇ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਦੂਤਾਵਾਸ ਨੇ ਸਾਰੇ ਭਾਰਤੀ ਨਾਗਰਿਕਾਂ ਨੂੰ ਚੌਕਸ ਰਹਿਣ, ਭੀੜ-ਭੜੱਕੇ ਵਾਲੀਆਂ ਥਾਵਾਂ ਅਤੇ ਪ੍ਰਦਰਸ਼ਨ ਵਾਲੇ ਸਥਾਨਾਂ ਤੋਂ ਦੂਰ ਰਹਿਣ ਅਤੇ ਸਥਾਨਕ ਖ਼ਬਰਾਂ 'ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਹੈ। ਅਲਬਾਨੀਆ 'ਚ ਵੀ ਹਾਲਾਤ ਆਮ ਨਹੀਂ ਹੋ ਸਕੇ ਹਨ ਅਤੇ ਉੱਥੇ ਸੱਤਵੇਂ ਦਿਨ ਵੀ ਹਿੰਸਕ ਵਿਰੋਧ ਪ੍ਰਦਰਸ਼ਨ ਜਾਰੀ ਰਹੇ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ 'ਤੇ ਪੱਥਰਬਾਜ਼ੀ ਕੀਤੀ ਅਤੇ ਕਈ ਥਾਵਾਂ 'ਤੇ ਵਾਹਨਾਂ ਤੇ ਜਾਇਦਾਦ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ। ਯੂਰਪ ਭਰ 'ਚ ਪ੍ਰਦਰਸ਼ਨ ਹੋਰ ਤੇਜ਼ ਹੋਣ ਦੇ ਆਸਾਰ ਯੂਰਪ 'ਚ ਵਿਰੋਧ ਪ੍ਰਦਰਸ਼ਨਾਂ ਦਾ ਇਹ ਦੌਰ ਫਿਲਹਾਲ ਰੁਕਦਾ ਨਜ਼ਰ ਨਹੀਂ ਆ ਰਿਹਾ। ਵਿਦਿਆਰਥੀ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਆਉਣ ਵਾਲੇ ਹਫ਼ਤਿਆਂ 'ਚ ਕਈ ਦੇਸ਼ਾਂ 'ਚ ਵੱਡੇ ਪੱਧਰ 'ਤੇ ਇਕੱਠ ਕਰਨ ਦਾ ਐਲਾਨ ਕੀਤਾ ਹੈ। ਤੈਅ ਯੋਜਨਾ ਮੁਤਾਬਕ, ਫਰਾਂਸ 'ਚ 21 ਅਕਤੂਬਰ ਅਤੇ 5 ਨਵੰਬਰ ਨੂੰ ਵੱਡੇ ਪ੍ਰਦਰਸ਼ਨ ਕੀਤੇ ਜਾਣਗੇ। ਇਸ ਤੋਂ ਇਲਾਵਾ, ਇਟਲੀ 'ਚ 30 ਅਕਤੂਬਰ, ਸਪੇਨ 'ਚ 11 ਨਵੰਬਰ ਅਤੇ ਬੈਲਜੀਅਮ 'ਚ 17 ਨਵੰਬਰ ਨੂੰ ਦੇਸ਼ ਪੱਧਰੀ ਪ੍ਰਦਰਸ਼ਨ ਕਰਵਾਏ ਜਾਣਗੇ। ਉੱਥੇ ਹੀ ਪੁਰਤਗਾਲ 'ਚ 24 ਨਵੰਬਰ ਨੂੰ ਸੰਸਦ ਦਾ ਘਿਰਾਓ ਕਰਨ ਦੀ ਤਿਆਰੀ ਕੀਤੀ ਗਈ ਹੈ।
