ਸੋਟੀ ਦੇ ਸਹਾਰੇ ਪ੍ਰਾਚੀ ਨੇ ਜਾਪਾਨ 'ਚ ਲਹਿਰਾਇਆ ਤਿਰੰਗਾ, ਏਸ਼ੀਅਨ ਪੈਰਾ ਗੇਮਜ਼ 'ਚ ਜਿੱਤਿਆ ਕਾਂਸੀ ਦਾ ਤਮਗਾ

ਪ੍ਰਾਚੀ ਦੀ ਇਹ ਜਿੱਤ ਮੌਜੂਦਾ ਪੈਰਾਲੰਪਿਕ ਤੇ ਏਸ਼ੀਅਨ ਪੈਰਾ ਗੇਮਜ਼ ਚੈਂਪੀਅਨ ਦੇ ਖ਼ਿਲਾਫ਼ ਰਹੀ। ਰੀੜ੍ਹ ਦੀ ਹੱਡੀ ਦੀ ਸਮੱਸਿਆ ਕਾਰਨ ਸੋਟੀ ਦੇ ਸਹਾਰੇ ਖੜ੍ਹੇ ਹੋ ਕੇ ਖੇਡਣ ਵਾਲੀ ਪ੍ਰਾਚੀ ਇਸ ਤੋਂ ਪਹਿਲਾਂ 12 ਵਾਰ ਰੈਂਕਿੰਗ ਟੂਰਨਾਮੈਂਟਾਂ 'ਚ ਤਮਗੇ ਜਿੱਤ ਚੁੱਕੀ ਹੈ। ਹੁਣ ਛੜੀ ਦੇ ਸਹਾਰੇ ਖੇਡਦਿਆਂ ਪ੍ਰਾਚੀ ਨੇ ਜਾਪਾਨ 'ਚ ਤਿਰੰਗਾ ਲਹਿਰਾਇਆ ਹੈ।
ਜਾਗਰਣ ਸੰਵਾਦਦਾਤਾ, ਕਾਨਪੁਰ: ਏਸ਼ੀਅਨ ਪੈਰਾ ਗੇਮਜ਼ 2026 'ਚ ਉੱਨਾਵ ਦੀ ਪ੍ਰਾਚੀ ਪਾਂਡੇ ਨੇ ਮਹਿਲਾ ਸਿੰਗਲਜ਼ ਕਲਾਸ-6 ਟੇਬਲ ਟੈਨਿਸ ਮੁਕਾਬਲੇ 'ਚ ਕਾਂਸੀ ਦਾ ਤਮਗਾ ਜਿੱਤ ਕੇ ਸੂਬੇ ਦਾ ਮਾਣ ਵਧਾਇਆ ਹੈ। ਵਿਸ਼ਵ ਰੈਂਕਿੰਗ 'ਚ 17ਵੇਂ ਸਥਾਨ 'ਤੇ ਕਾਬਜ਼ ਪ੍ਰਾਚੀ ਨੇ ਸੈਮੀਫਾਈਨਲ ਮੁਕਾਬਲੇ 'ਚ ਇਰਾਕ ਦੀ ਨਜਲਾ ਅਲ ਨੂੰ ਹਰਾਇਆ ਤੇ ਤਮਗਾ ਜਿੱਤਣ 'ਚ ਸਫ਼ਲ ਰਹੀ।
ਬਚਪਨ ਤੋਂ ਹੀ ਖੇਡਾਂ 'ਚ ਦਿਲਚਸਪੀ ਰੱਖਣ ਵਾਲੀ ਪ੍ਰਾਚੀ ਨੇ ਸਰੀਰਕ ਚੁਣੌਤੀਆਂ ਨੂੰ ਮਾਤ ਦਿੰਦਿਆਂ ਤਮਗੇ ਤਕ ਦਾ ਸਫ਼ਰ ਤੈਅ ਕੀਤਾ। ਇਸ ਤੋਂ ਪਹਿਲਾਂ ਵੀ ਉਹ ਬ੍ਰਾਜ਼ੀਲ, ਥਾਈਲੈਂਡ, ਜਰਮਨੀ, ਨਾਈਜੀਰੀਆ ਅਤੇ ਜਾਰਡਨ 'ਚ ਹੋਏ ਕੌਮਾਂਤਰੀ ਪੈਰਾ ਟੇਬਲ ਟੈਨਿਸ ਮੁਕਾਬਲਿਆਂ 'ਚ ਤਮਗੇ ਜਿੱਤ ਚੁੱਕੀ ਹੈ।
(@) ਅਕਤੂਬਰ 20, 2026 ਹਰ ਰੋਜ਼ ਫੋਰਹੈਂਡ ਅਤੇ ਟੌਪ ਸਪਿਨ ਵਰਗੇ ਸ਼ਾਟਾਂ ਦਾ 1,000 ਤੋਂ ਵੱਧ ਵਾਰ ਅਭਿਆਸ ਕਰਨ ਵਾਲੀ ਪ੍ਰਾਚੀ ਦੀ ਇਸ ਪ੍ਰਾਪਤੀ 'ਤੇ ਉੱਨਾਵ ਅਤੇ ਕਾਨਪੁਰ ਦੇ ਟੇਬਲ ਟੈਨਿਸ ਖਿਡਾਰੀਆਂ 'ਚ ਖ਼ੁਸ਼ੀ ਦਾ ਮਾਹੌਲ ਹੈ। ਪ੍ਰਾਚੀ ਦੇ ਕੋਚ ਅਮਰੇਸ਼ ਨੇ ਦੱਸਿਆ ਕਿ ਉਸ ਦਾ ਜਜ਼ਬਾ ਹੀ ਉਸ ਨੂੰ ਤਮਗੇ ਤੱਕ ਲੈ ਕੇ ਗਿਆ। ਸਾਹਮਣੇ ਭਾਵੇਂ ਕਿੰਨਾ ਵੀ ਮਜ਼ਬੂਤ ਵਿਰੋਧੀ ਕਿਉਂ ਨਾ ਹੋਵੇ, ਪ੍ਰਾਚੀ ਨੇ ਕਦੇ ਹਾਰ ਨਹੀਂ ਮੰਨੀ। ਸੈਮੀਫਾਈਨਲ ਮੁਕਾਬਲੇ 'ਚ ਵੀ ਪ੍ਰਾਚੀ ਨੇ ਸੋਟੀ ਦੇ ਸਹਾਰੇ ਖੜ੍ਹੇ ਹੋ ਕੇ ਇਰਾਕ ਦੀ ਖਿਡਾਰਨ ਨੂੰ ਮਾਤ ਦਿੱਤੀ। ਜਾਗਰਣ ਸੰਵਾਦਦਾਤਾ ਅੰਕੁਸ਼ ਨਾਲ ਗੱਲਬਾਤ ਕਰਦਿਆਂ ਪ੍ਰਾਚੀ ਨੇ ਦੱਸਿਆ ਕਿ ਉਹ ਪੂਰੀ ਤਿਆਰੀ ਨਾਲ ਚੈਂਪੀਅਨਸ਼ਿਪ 'ਚ ਦੇਸ਼ ਦੀ ਨੁਮਾਇੰਦਗੀ ਕਰਨ ਗਈ ਸੀ। ਉਸ ਨੂੰ ਉਮੀਦ ਸੀ ਕਿ ਉਹ ਜ਼ਰੂਰ ਤਮਗਾ ਜਿੱਤੇਗੀ। ਲਗਾਤਾਰ ਅਭਿਆਸ ਸਦਕਾ ਉਸ ਨੂੰ ਇਹ ਸਫ਼ਲਤਾ ਮਿਲੀ। ਪ੍ਰਾਚੀ ਨੇ ਦੱਸਿਆ ਕਿ ਸ਼ੁਰੂਆਤ 'ਚ ਸਪਾਂਸਰਸ਼ਿਪ ਨੂੰ ਲੈ ਕੇ ਚਿੰਤਾ ਸੀ ਅਤੇ ਲੱਗ ਰਿਹਾ ਸੀ ਕਿ ਸ਼ਾਇਦ ਉਹ ਚੈਂਪੀਅਨਸ਼ਿਪ 'ਚ ਹਿੱਸਾ ਨਹੀਂ ਲੈ ਸਕੇਗੀ। ਪਰਿਵਾਰ ਦੇ ਸਾਥ ਅਤੇ ਖੇਡ ਪ੍ਰੇਮੀਆਂ ਦੀ ਮਦਦ ਨਾਲ ਉਹ ਮੁਕਾਬਲੇ ਤੱਕ ਪਹੁੰਚੀ ਅਤੇ ਤਮਗਾ ਜਿੱਤਣ 'ਚ ਸਫ਼ਲ ਰਹੀ।
