ਪ੍ਰੋਜੈਕਟ ‘ਪ੍ਰਗਤੀ’ ਤਹਿਤ 20 ਕਿਸਾਨ ਪਰਿਵਾਰਾਂ ਨੂੰ 400 ਮੁਰਗੀਆਂ ਵੰਡੀਆਂ

ਪੇਂਡੂ ਪਰਿਵਾਰਾਂ ਦੀ ਆਮਦਨ ਵਿਚ ਵਾਧਾ ਕਰਨ, ਸਵੈ-ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਅਤੇ ਟਿਕਾਊ ਜੀਵਿਕਾ ਦੇ ਸਾਧਨ ਪੈਦਾ ਕਰਨ ਦੇ ਉਦੇਸ਼ ਨਾਲ ਪ੍ਰੋਜੈਕਟ ‘ਪ੍ਰਗਤੀ’ ਤਹਿਤ ਪਿੰਡ ਜੋਗੇਵਾਲਾ ਅਤੇ ਕਾਹਨ ਸਿੰਘ ਵਾਲਾ ਦੇ 20 ਕਿਸਾਨ ਪਰਿਵਾਰਾਂ ਨੂੰ ਬੈਕਯਾਰਡ ਪੋਲਟਰੀ (ਘਰੇਲੂ ਮੁਰਗੀ ਪਾਲਣ) ਲਈ ਕੁੱਲ 400 ਮੁਰਗੀਆਂ ਵੰਡੀਆਂ ਗਈਆਂ। ਇਸ ਪਹਿਲਕਦਮੀ ਤਹਿਤ ਹਰੇਕ ਲਾਭਪਾਤਰੀ ਪਰਿਵਾਰ ਨੂੰ 20 ਮੁਰਗੀਆਂ ਦਿੱਤੀਆਂ ਗਈਆਂ, ਜਿਨ੍ਹਾਂ ਵਿਚ 18 ਮੁਰਗੀਆਂ ਅਤੇ 2 ਮੁਰਗੇ ਸ਼ਾਮਲ ਹਨ। ਇਸ ਦਾ ਮੁੱਖ ਉਦੇਸ਼ ਪੇਂਡੂ ਪਰਿਵਾਰਾਂ ਨੂੰ ਆਮਦਨ ਦਾ ਵਾਧੂ ਸਾਧਨ ਮੁਹੱਈਆ ਕਰਵਾਉਣ ਦੇ ਨਾਲ-ਨਾਲ ਘਰੇਲੂ ਪੋਸ਼ਣ ਵਿੱਚ ਸੁਧਾਰ ਕਰਨਾ ਅਤੇ ਆਰਥਿਕ ਆਤਮ-ਨਿਰਭਰਤਾ ਨੂੰ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ਸ਼ਰਨ ਫਾਊਂਡੇਸ਼ਨ ਦੇ ਪ੍ਰਧਾਨ ਅਮ੍ਰਿਤਪਾਲ ਸਿੰਘ ਨੇ ਕਿਹਾ ਕਿ ਪ੍ਰੋਜੈਕਟ ‘ਪ੍ਰਗਤੀ’ ਦਾ ਉਦੇਸ਼ ਪੇਂਡੂ ਪਰਿਵਾਰਾਂ ਨੂੰ ਜੀਵਿਕਾ ਦੇ ਟਿਕਾਊ ਸਾਧਨਾਂ ਨਾਲ ਜੋੜਨਾ ਅਤੇ ਉਨ੍ਹਾਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਘਰੇਲੂ ਮੁਰਗੀ ਪਾਲਣ ਵਰਗੀਆਂ ਗਤੀਵਿਧੀਆਂ ਰਾਹੀਂ ਪਰਿਵਾਰ ਅੰਡਿਆਂ ਅਤੇ ਪੋਲਟਰੀ ਉਤਪਾਦਾਂ ਤੋਂ ਘਰੇਲੂ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਵਾਧੂ ਆਮਦਨ ਦੇ ਮੌਕੇ ਵੀ ਪੈਦਾ ਕਰ ਸਕਦੇ ਹਨ। ਉਨ੍ਹਾਂ ਅਨੁਸਾਰ, ਅਜਿਹੇ ਉਪਰਾਲਿਆਂ ਦਾ ਮਕਸਦ ਪੇਂਡੂ ਲੋਕਾਂ ਨੂੰ ਆਪਣੇ ਪੱਧਰ ’ਤੇ ਰੁਜ਼ਗਾਰ ਦੇ ਮੌਕੇ ਵਿਕਸਿਤ ਕਰਨ ਅਤੇ ਆਤਮ-ਨਿਰਭਰ ਬਣਨ ਲਈ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਪ੍ਰੋਜੈਕਟ ‘ਪ੍ਰਗਤੀ’ ਤਹਿਤ ਖੇਤੀਬਾੜੀ, ਪਸ਼ੂ ਪਾਲਣ ਅਤੇ ਹੋਰ ਪੇਂਡੂ ਵਿਕਾਸ ਗਤੀਵਿਧੀਆਂ ਰਾਹੀਂ ਕਿਸਾਨ ਪਰਿਵਾਰਾਂ ਦੀ ਜੀਵਿਕਾ ਨੂੰ ਮਜ਼ਬੂਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਪਿੰਡ ਜੋਗੇਵਾਲਾ ਦੇ ਸਰਪੰਚ ਨਿਰਮਲ ਸਿੰਘ, ਗੁਰਦੀਪ ਸਿੰਘ ਅਤੇ ਤੇਜਿੰਦਰ ਸਿੰਘ ਸੇਬੀ (ਸਾਬਕਾ ਸਰਪੰਚ) ਮੌਜੂਦਾ ਪੰਚਾਇਤ ਮੈਂਬਰ ਪਿੰਡ ਕਾਹਨ ਸਿੰਘ ਵਾਲਾ, ਪੰਚ ਜਸਵਿੰਦਰ ਸਿੰਘ ਜੱਜ ਅਤੇ ਪ੍ਰੋਜੈਕਟ ‘ਪ੍ਰਗਤੀ’ ਦੇ ਫੀਲਡ ਅਫਸਰ ਜਗਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਤੋਂ ਇਲਾਵਾ ਸਮੂਹ ਲਾਭਪਾਤਰੀ ਵੀ ਮੌਜੂਦ ਸਨ। ਪ੍ਰੋਜੈਕਟ ‘ਪ੍ਰਗਤੀ’ ਰਾਹੀਂ ਪੇਂਡੂ ਪਰਿਵਾਰਾਂ ਨੂੰ ਜੀਵਿਕਾ ਦੇ ਨਵੇਂ ਮੌਕਿਆਂ ਨਾਲ ਜੋੜਨ ਅਤੇ ਪਿੰਡਾਂ ਦੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
